ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਵੀਰਵਾਰ, ੨੮ ਜੇਠ (ਸੰਮਤ ੫੫੮ ਨਾਨਕਸ਼ਾਹੀ) ੧੧ ਜੂਨ, ੨੦੨੬ (ਅੰਗ: ੬੩੨)

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

-ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਮੁੱਚੇ ਸੰਸਾਰ ਦੇ ਸਰਬਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜੀਵਨ ਮਾਨਵਤਾ ਲਈ ਕਲਿਆਣਕਾਰੀ ਹੈ। ਆਪ ਜੀ ਦੱਬੀ ਕੁਚਲੀ, ਲਤਾੜੀ ਤੇ ਦਬਾਈ ਜਾ ਰਹੀ ਲੋਕਾਈ ਵਾਸਤੇ ਆਸ ਅਤੇ ਧਰਵਾਸ ਬਣੇ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆ ਜਦੋਂ ਭਾਰਤ ਅੰਦਰ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਰਾਜਨੀਤਕ ਢਾਂਚੇ ਵਿਚ ਉਥਲ-ਪੁੱਥਲ ਮੱਚੀ ਹੋਈ ਸੀ। ਹਾਕਮ ਲੋਕਾਂ ’ਤੇ ਜੁਲਮ ਕਰ ਰਹੇ ਸਨ, ਧਾਰਮਿਕ ਰਸਮਾਂ ਵਿਚ ਕੁਰੀਤੀਆਂ ਭਾਰੂ ਸਨ ਅਤੇ ਧਰਮ ਦੇ ਨਾਂ ’ਤੇ ਮਾਨਵਤਾ ਨੂੰ ਵੰਡਣ ਦਾ ਬੋਲਬਾਲਾ ਸੀ। ਧਾਰਮਿਕ ਤੇ ਰਾਜਨੀਤਕ ਆਗੂਆਂ ਦੇ ਸਤਾਏ ਹੋਏ ਲੋਕ ਅਜਿਹੇ ਆਸਰੇ ਦੀ ਭਾਲ ਵਿਚ ਸਨ, ਜਿਥੋਂ ਉਨ੍ਹਾਂ ਨੂੰ ਜੀਵਨ ਦਾ ਸਹੀ ਮਾਰਗ ਪ੍ਰਾਪਤ ਹੋ ਸਕੇ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ੧੪੬੯ ਈਸਵੀ ਵਿਚ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਨਾਲ ਮਾਨਵਤਾ ਨੂੰ ਅੰਮ੍ਰਿਤਮਈ ਅਗਵਾਈ ਮਿਲੀ, ਜਿਸ ਨਾਲ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਿਗਿਆਨਕ ਆਦਿ ਖੇਤਰਾਂ ਅੰਦਰ ਇਕ ਕ੍ਰਾਂਤੀਕਾਰੀ ਲੋਅ ਚਮਕੀ। ਗੁਰੂ ਸਾਹਿਬ ਦੇ ਸੰਸਾਰ ’ਤੇ ਆਗਮਨ ਨਾਲ ਮਾਨੁੱਖਤਾ ਨੂੰ ਇੱਕ ਠੰਡਾ ਅਹਿਸਾਸ ਹੋਇਆ। ਸਮਾਜਿਕ ਅਧੋਗਤੀ ਦਾ ਵਰਣਨ ਕਰਦਿਆਂ ਗੁਰੂ ਸਾਹਿਬ ਨੇ ਪਾਵਨ ਗੁਰਬਾਣੀ ਵਿਚ ਫੁਰਮਾਇਆ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਅੰਗ ੧੪੫)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ, ਸਾਂਝੀਵਾਲਤਾ ਅਤੇ ਸੁਤੰਤਰਤਾ ਵਾਲੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਕੇ ਸੰਸਾਰ ਦਾ ਮਾਰਗ-ਦਰਸ਼ਨ ਕੀਤਾ। ਆਪ ਜੀ ਦੀ ਵਿਚਾਰਧਾਰਾ ਨੇ ਇਨਸਾਨ ਨੂੰ ਧਾਰਮਿਕ ਪੱਖ ਤੋਂ ਸਚਿਆਰ, ਸਮਾਜਿਕ ਪੱਖ ਤੋਂ ਬਰਾਬਰ ਤੇ ਆਰਥਿਕ ਪੱਖ ਤੋਂ ਆਪਣੀ ਸੱਚੀ-ਸੁੱਚੀ ਕਿਰਤ ਰਾਹੀਂ ਸੰਤੁਸ਼ਟ ਰਹਿਣਾ ਸਿਖਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਕਰਮਕਾਂਡੀ ਤਰਜੀਹਾਂ ਤੋਂ ਵੱਖ ਕਰਕੇ ਸਮਾਜਿਕ ਖੇਤਰ ਵਿਚ ਧਰਮ ਦਾ ਸਹੀ ਸਥਾਨ ਨਿਸ਼ਚਿਤ ਕੀਤਾ ਅਤੇ ਧਰਮ ਤੇ ਸਮਾਜ ਦੀ ਨਿਰਭਰਤਾ ਨੂੰ ਸਪੱਸ਼ਟ ਕੀਤਾ। ਉਨ੍ਹਾਂ ਭਾਰਤੀ ਸਮਾਜ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਦੇ ਢੁਕਵੇਂ, ਸਾਵੇਂ ਤੇ ਸਪੱਸ਼ਟ ਹੱਲ ਦੱਸੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਿਆਂ ਤੇ ਵਿਚਾਰਿਆਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ ਮਨੁੱਖੀ ਜੀਵਨ ਨੂੰ ਆਦਰਸ਼ਕ ਬਣਾਉਣ ਲਈ ਇਸ ਦੀ ਹਰ ਪੱਖ ਤੋਂ ਅਗਵਾਈ ਕੀਤੀ। ਆਪ ਜੀ ਨੇ ਉਹ ਵਿਚਾਰਧਾਰਾ ਦਿੱਤੀ ਜੋ ਸੰਸਾਰਕ ਜੀਵਨ ਦੇ ਨਾਲੋ-ਨਾਲ ਹੋ ਕੇ ਚੱਲਦੀ ਹੈ।
ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਅਤੇ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਮਨੁੱਖ ਨੂੰ ਸਚਾਈ, ਨਿਮਰਤਾ, ਦਇਆ, ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਬਣਨ ਦੀ ਪ੍ਰੇਰਣਾ ਕੀਤੀ ਅਤੇ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜੀਣ ਦੇ ਯੋਗ ਬਣਾਇਆ। ਗੁਰੂ ਸਾਹਿਬ ਜੀ ਵੱਲੋਂ ਸੁਝਾਇਆ ਇਹ ਮਾਰਗ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਬੁਨਿਆਦੀ ਸਿਧਾਂਤਾਂ ’ਤੇ ਆਧਾਰਤ ਹੈ। ਆਪ ਜੀ ਨੇ ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀ ਸੇਧ ਦੇਣ ਵਾਲੇ ਹਨ।
ਇਸ ਦੇ ਨਾਲ ਹੀ ਸਮਾਜ ਅੰਦਰ ਤ੍ਰਿਸਕਾਰੀ ਜਾ ਰਹੀ ਇਸਤਰੀ ਸ਼੍ਰੇਣੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਚਾ ਸਨਮਾਨ ਦਿੱਤਾ ਅਤੇ ਉਨ੍ਹਾਂ ਦੇ ਹੱਕਾਂ, ਹਿੱਤਾਂ ਲਈ ਅਵਾਜ਼ ਬੁਲੰਦ ਕੀਤੀ। ਅਸਲ ਵਿਚ ਉਸ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ। ਆਪ ਜੀ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ’ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕੀਤਾ। ਇਸ ਸਬੰਧ ਵਿਚ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਇਆ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਅੰਗ ੪੭੩)
ਬਹੁਪੱਖੀ ਸ਼ਖ਼ਸੀਅਤ ਅਤੇ ਵਿਸ਼ਾਲ ਪ੍ਰਤਿਭਾ ਦੇ ਮਾਲਕ ਹੋਣ ਕਰਕੇ ਆਪ ਜੀ ਧਰਮ, ਦਰਸ਼ਨ ਸ਼ਾਸਤਰ ਦੇ ਖੇਤਰ ਵਿਚ ਵੀ ਇਕ ਵਿਲੱਖਣ ਤੇ ਮਹਾਨ ਕ੍ਰਾਂਤੀ ਦੇ ਜਨਮਦਾਤਾ ਹਨ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਤੇ ਉਪਦੇਸ਼ਾਂ ਨੇ ਲੋਕਾਂ ਨੂੰ ਉਸਾਰੂ ਜੀਵਨ ਜਾਚ ਦੇ ਸਨਮੁੱਖ ਕੀਤਾ ਅਤੇ ਇਸੇ ਦਾ ਹੀ ਕਾਰਨ ਸੀ ਕਿ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਲੋਕਾਂ ਨੇ ਸਿਰ-ਮੱਥੇ ਪ੍ਰਵਾਨ ਕੀਤਾ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਦਾ ਨਿਵੇਕਲੀ ਹੈ, ਜਿਸ ਨੂੰ ਅੱਜ ਵੀ ਸਿੱਖਾਂ ਤੋਂ ਇਲਾਵਾ ਦੁਨੀਆ ਭਰ ਦੇ ਹਰ ਧਰਮ, ਵਰਗ, ਫਿਰਕੇ ਨਾਲ ਸਬੰਧਤ ਲੋਕ ਸਤਿਕਾਰਦੇ ਹਨ ਅਤੇ ਅਗਾਂਹ ਵੀ ਸਤਿਕਾਰਦੇ ਰਹਿਣਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਥੇ ਅਸੀਂ ਆਪਣਾ ਜੀਵਨ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਬਤੀਤ ਕਰਨ ਦਾ ਪ੍ਰਣ ਕਰਨਾ ਹੈ, ਉਥੇ ਹੀ ਸਭ ਦਾ ਫਰਜ ਹੈ ਕਿ ਅਸੀਂ ਗੁਰੂ ਸਾਹਿਬ ਵੱਲੋਂ ਬਖਸ਼ੇ ਫਲਸਫੇ ਨੂੰ ਸੰਸਾਰ ਵਿਚ ਫੈਲਾਉਣ ਦਾ ਯਤਨ ਕਰੀਏ। ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਵਿਸ਼ਵ ’ਚ ਵੱਸਦੀ ਸੰਗਤ ਨੂੰ ਹਾਰਦਿਕ ਵਧਾਈ ਦਿੰਦਾ ਹੋਇਆ ਮਾਨਵਤਾ ਦੀ ਖੁਸ਼ਹਾਲੀ ਲਈ ਕਾਮਨਾ ਕਰਦਾ ਹਾਂ।