ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਵੀਰਵਾਰ, ੨੮ ਜੇਠ (ਸੰਮਤ ੫੫੮ ਨਾਨਕਸ਼ਾਹੀ) ੧੧ ਜੂਨ, ੨੦੨੬ (ਅੰਗ: ੬੩੨)

ਅੰਮ੍ਰਿਤਸਰ, 10 ਅਗਸਤ-
ਬੀਤੇ ਦਿਨੀਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦਿਆਂ ਆਲੂਆਂ ਵਾਲੇ ਉੱਬਲਦੇ ਪਾਣੀ ਦੇ ਕੜਾਹੇ ਵਿੱਚ ਡਿੱਗਣ ਨਾਲ ਝੁਲਸੇ ਸ. ਬਲਬੀਰ ਸਿੰਘ ਵਾਸੀ ਧਾਰੀਵਾਲ ਗੁਰਦਾਸਪੁਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਲਬੀਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਹਫ਼ਤੇ ਵਿੱਚ ਦੋ ਵਾਰ ਸ੍ਰੀ ਹਰਿਮੰਦਰ ਸਾਹਿਬ ਆ ਕੇ ਲੰਗਰ ਵਿੱਚ ਸੇਵਾ ਕਰਦੇ ਸਨ, ਪਰ ਅਚਾਨਕ ਸੇਵਾ ਕਰਦਿਆਂ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਉਨ੍ਹਾਂ ਨੂੰ ਇਲਾਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਉਹ ਬੀਤੀ ਰਾਤ ਚਲਾਣਾ ਕਰ ਗਏ। ਐਡੋਵੋਕੇਟ ਧਾਮੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।