ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਵੀਰਵਾਰ, ੨੮ ਜੇਠ (ਸੰਮਤ ੫੫੮ ਨਾਨਕਸ਼ਾਹੀ) ੧੧ ਜੂਨ, ੨੦੨੬ (ਅੰਗ: ੬੩੨)

ਗੁਰਦੁਆਰਾ ‘ਪਾਤਸ਼ਾਹੀ ਨੌਵੀਂ’ ਭਿੱਖੀ (ਮਾਨਸਾ)

ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਸ਼ਸੋਭਿਤ ਹੈ ਇਤਿਹਾਸਕ ਗੁਰਦੁਆਰਾ, ‘ਪਾਤਸ਼ਾਹੀ ਨੌਵੀਂ’ ਭਿੱਖੀ। ਗੁਰੂ ਤੇਗ ਬਹਾਦਰ ਜੀ ਮਾਲਵਾ ਪ੍ਰਚਾਰ-ਫੇਰੀ ਸਮੇਂ ਇਸ ਨਗਰ ਵਿਖੇ ਆਏ। ਚੌਧਰੀ ਗੈਂਡਾ ਚਾਹਲ ਤੇ ਉਸ ਦਾ ਸਪੁੱਤਰ ਦੇਸੂ ਜੋ ਸਖੀ ਸਰਵਰੀਏ ਸਨ, ਗੁਰੂ ਸੰਗਤ ਵਿਚ ਆਏ ਅਤੇ ਇਕ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਬਣੇ। ਗੁਰੂ ਜੀ ਕਾਫ਼ੀ ਦਿਨ ਇਸ ਨਗਰ ਵਿਚ ਰਹੇ ਅਤੇ ਗੁਰਬਾਣੀ ਦਾ ਉਪਦੇਸ਼ ਸੰਗਤਾਂ ਨੂੰ ਦ੍ਰਿੜ੍ਹ ਕਰਵਾਉਂਦੇ ਰਹੇ। ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਯਾਦਗਾਰੀ ਅਸਥਾਨ ਦਾ ਨਿਰਮਾਣ ਕਰਵਾਇਆ। ਮਹਾਰਾਜਾ ਕਰਮ ਸਿੰਘ ਪਟਿਆਲਾ ਵਾਲਿਆਂ ਨੇ ਆਪਣੇ ਰਾਜ-ਕਾਲ (1798-1845 ਈ:) ਦੌਰਾਨ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਜ਼ਮੀਨ-ਜਾਇਦਾਦ ਜਗੀਰ ਵਜੋਂ ਲਗਵਾਈ। ਵਰਤਮਾਨ ਗੁਰਦੁਆਰੇ ਦੀ ਦੋ ਮੰਜ਼ਲੀ ਇਮਾਰਤ ਨਵੀਂ ਬਣੀ ਹੋਈ ਹੈ। ਇਸ ਇਤਿਹਾਸਕ ਅਸਥਾਨ ‘ਤੇ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ, ਸ਼ਰਧਾ-ਸਤਿਕਾਰ ਨਾਲ ਮਨਾਏ ਜਾਂਦੇ ਹਨ। ਗੁਰਦੁਆਰੇ ਦੇ ਨਾਲ ਸਰੋਵਰ ਵੀ ਬਣਿਆ ਹੋਇਆ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਠੀਕ ਹੈ। ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ। ਇਹ ਇਤਿਹਾਸਕ ਅਸਥਾਨ ਪਿੰਡ ਭਿੱਖੀ, ਤਹਿਸੀਲ ਜ਼ਿਲ੍ਹਾ ਮਾਨਸਾ ਵਿਚ, ਰੇਲਵੇ ਸਟੇਸ਼ਨ, ਮਾਨਸਾ ਤੋਂ 18 ਕਿਲੋਮੀਟਰ ਅਤੇ ਪਟਿਆਲਾ-ਸੁਨਾਮ ਰੋਡ ‘ਤੇ ਪਿੰਡ ਭਿੱਖੀ ਦੇ ਬੱਸ ਸਟੈਂਡ ਤੋਂ ਕੇਵਲ ½ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

Gurdwara Text Courtesy :- Dr. Roop Singh, Secretary S.G.P.C.