ਹਰਿਮੰਦਰ ਸਾਹਿਬ ਦਾ ਇਤਿਹਾਸ

ਅਫ਼ਗਾਨੀਆਂ ਅਤੇ ਹੋਰ ਹਮਲਾਵਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਈ ਵਾਰੀ ਹਮਲੇ ਕੀਤੇ ਗਏ ਅਤੇ ਇਸ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ। ਹਰ ਵਾਰੀ ਇਸਨੂੰ ਮੁਕਤ ਕਰਾਉਣ ਅਤੇ ਇਸ ਦੀ ਪਵਿੱਤਰਤਾ ਨੂੰ ਮੁੜ ਕੇ ਬਹਾਲ ਕਰਨ ਵਾਸਤੇ ਸਿੱਖਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਸੰਨ 1737 ਵਿਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਮਗਰੋਂ 1740 ਈ: ‘ਚ ਅੰਮ੍ਰਿਤਸਰ ਦੇ ਕੋਤਵਾਲ ਮੱਸੇ ਰੰਘੜ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਨਜ਼ਾਇਜ ਕਬਜ਼ਾ ਕਰ ਲਿਆ ਅਤੇ ਇਸਨੂੰ ਸ਼ਹਿਰ ਦੀ ਕਚਿਹਰੀ ਵਿਚ ਬਦਲ ਦਿੱਤਾ ਅਤੇ ਇਥੇ ਉਹ ਮੁਜਰੇ ਕਰਾਉਣ ਲੱਗਾ। ਇਸ ਬੁਰੇ ਕਾਰੇ ਨੇ ਸਿੱਖਾਂ ‘ਚ ਬਹੁਤ ਵੱਡਾ ਰੋਸ ਪੈਦਾ ਕਰ ਦਿੱਤਾ। ਦੋ ਸੂਰਮਿਆਂ, ਸ. ਸੁੱਖਾ ਸਿੰਘ ਅਤੇ ਸ. ਮਹਿਤਾਬ ਸਿੰਘ ਨੇ ਇਕ ਜੁਅਰਤ ਭਰੇ ਕਾਰਨਾਮੇ ਨੂੰ ਸਰ ਅੰਜਾਮ ਦਿੱਤਾ ਤੇ ਇਸਤਰ੍ਹਾਂ  ਇਹਦਾ ਬਦਲਾ ਲਿਆ। ਉਹ ਸ੍ਰੀ ਹਰਿਮੰਦਰ ਸਾਹਿਬ ਅੰਦਰ ਕਿਸਾਨਾਂ ਦੇ ਭੇਸ ‘ਚ ਦਾਖਲ ਹੋਏ, ਕਿਰਪਾਨ ਦੇ ਇਕੋ ਵਾਰ ਨਾਲ ਮੱਸੇ ਰੰਘੜ ਦਾ ਸਿਰ ਵੱਖ ਕਰ ਦਿੱਤਾ ਅਤੇ ਵੱਢੇ ਸਿਰ ਨੂੰ ਨੇਜੇ ਦੀ ਚੁੰਝ ‘ਤੇ ਟੰਗ ਕੇ ਲੈ ਗਏ! ਇਸ ਘਟਨਾ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਰਕਾਰੀ ਪਹਿਰਾ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜੰਦਰੇ ਮਾਰ ਦਿੱਤੇ ਗਏ।

ਹੁਣ ਵਾਰੀ ਆਈ ਲਾਹੌਰ ਦੇ ਇਕ ਹਿੰਦੂ ਦੀਵਾਨ ਲਖਪਤ ਰਾਏ ਦੀ ਜਿਹਨੇ ਕਿ ਸਿੱਖ ਕੌਮ ਨੂੰ ਮੂਲੋਂ ਹੀ ਖਤਮ ਕਰ ਦੇਣ ਦੀ ਸਹੁੰ ਖਾਧੀ ਹੋਈ ਸੀ। ਆਪਣੇ ਭਰਾ ਜਸਪਤ ਰਾਏ ਦੀ ਮੌਤ ਦਾ ਬਦਲਾ ਲੇਣ ਵਾਸਤੇ ਉਹਨੇ 1746 ਵਿਚ ਸਰੋਵਰ ਨੂੰ ਦੂਸ਼ਿਤ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਉਹਨੇ ਤਾਂ ‘ਗੁਰੂ’ ਨਾਂ ਲੈਣ ‘ਤੇ ਵੀ ਪਾਬੰਦੀ ਲਾ ਦਿੱਤੀ ਸੀ। ਦੀਵਾਨ ਲਖਪਤ ਰਾਏ ਅਤੇ ਯਾਹੀਆ ਖਾਨ ਦੀ ਕਮਾਂਡ ਥੱਲੇ ਮੁਗ਼ਲ ਫੌਜਾਂ ਨੇ ਸਿੱਖਾਂ ਖਿਲਾਫ ਮਾਰਚ ਕੀਤਾ। ਇਸ ਲਹੂ-ਡੋਲ੍ਹਵੀਂ ਲੜਾਈ ਵਿਚ (ਪਹਿਲਾ ਘੱਲੂਘਾਰਾ, ਜੂਨ 1746) ਇਸ ਵਿਚ ਕਰੀਬ ਸੱਤ ਹਜ਼ਾਰ ਸਿੱਖ ਸ਼ਹੀਦ ਹੋਏ। ਉਨ੍ਹਾਂ ‘ਚੋ ਤਿੰਨ ਹਜ਼ਾਰ ਨੂੰ ਲਾਹੌਰ ‘ਚ ਸਭ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਉਹ ਅਸਥਾਨ ਹੁਣ ਸ਼ਹੀਦਗੰਜ ਅਖਵਾਉਂਦਾ ਹੈ।

ਇਸ ਘੱਲੂਘਾਰੇ ਦਾ ਬਦਲਾ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਾਬਲ ਅਗਵਾਈ ‘ਚ ਲਿਆ ਅਤੇ ਮਾਰਚ 1748 ‘ਚ ਸਲਾਮਤ ਖਾਂ ਨੂੰ ਮਾਰ ਕੇ ਸ੍ਰੀ ਹਰਿਮੰਦਰ ਸਾਹਿਬ ‘ਤੇ ਮੁੜ ਤੋਂ ਆਪਣੀ ਸੇਵਾ-ਸੰਭਾਲ ਸ਼ੁਰੂ ਕੀਤੀ। ਉਨ੍ਹਾਂ ਨੇ ਪਵਿੱਤਰ ਸਰੋਵਰ ਦੀ ਸਫ਼ਾਈ ਕਰਕੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਰੋਜ਼ਾਨਾ ਦੀ ਮਰਯਾਦਾ ਮੁੜ ਬਹਾਲ ਕਰਦਿਆਂ, ਉਸੇ ਸਾਲ ਵਿਸਾਖੀ ਵੱਡੇ ਉਤਸ਼ਾਹ ਨਾਲ ਮਨਾਈ ਅਤੇ ਸੰਨ 1748 ਦੀ ਦੀਵਾਲੀ ਵੀ ਉਤਸ਼ਾਹ ਨਾਲ ਮਨਾਈ ਗਈ।

ਸੰਨ 1757 ਵਿਚ ਅਹਿਮਦਸ਼ਾਹ ਅਬਦਾਲੀ ਨੇ ਦੂਸਰੀ ਵਾਰੀ ਚੜ੍ਹਾਈ ਕੀਤੀ ਅਤੇ ਅੰਮ੍ਰਿਤਸਰ ‘ਤੇ ਹੱਲਾ ਕਰ ਦਿੱਤਾ। ਉਸਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਡੇਗਿਆ ਅਤੇ ਸਰੋਵਰ ਨੂੰ ਕੂੜ-ਕਬਾੜ ਨਾਲ ਭਰ ਦਿੱਤਾ। ਘੋਰ ਬੇਅਦਬੀ ਦੀ ਇਸ ਖਬਰ ਨੂੰ ਸੁਣ ਕੇ, ਮਿਸਲ ਸ਼ਹੀਦਾਂ ਦੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਬੇਅਦਬੀ ਦਾ ਬਦਲਾ ਲੈਣ ਉਸ ਵੇਲੇ ਤੁਰ ਪਏ। ਇਕ ਲਹੂ-ਡੋਲ੍ਹਵੀਂ ਲੜਾਈ ਅੰਮ੍ਰਿਤਸਰ ਦੇ ਲਾਗੇ ਗੋਹਲਵੜ ਦੇ ਅਸਥਾਨ ‘ਤੇ ਹੋਈ। ਬਾਬਾ ਦੀਪ ਸਿੰਘ ਨੂੰ ਇਕ ਮਾਰੂ ਕੱਟ ਧੋਣ ਉੱਤੇ ਲੱਗਾ ਜਿਸ ਨਾਲ ਉਨ੍ਹਾਂ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਪਰ ਇਸਦੇ ਬਾਵਜੂਦ ਉਹ ਵੈਰੀਆਂ ਨੂੰ ਵੱਢ-ਵੱਢ ਸੁੱਟਦੇ ਅੱਗੇ ਵਧਦੇ ਗਏ। ਇਉਂ ਲੜਦਿਆਂ ਇਹ ਅਦੁੱਤੀ ਯੋਧਾ ਸੂਰਬੀਰ ਪਵਿੱਤਰ ਹਦੂਦ ‘ਚ ਪੁੱਜਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਕਰਨ ਖਾਤਰ ਆਪਣੀ ਜਾਨ ਵਾਰ ਦਿੱਤੀ।

ਕੁੱਪ ਰਹੀੜੇ ਵਿਖੇ ਸਿੱਖਾਂ ਦੇ ਖੌਫਨਾਕ ਘੱਲੂਘਾਰੇ ਮਗਰੋਂ ਅਹਿਮਦਸ਼ਾਹ ਅਬਦਾਲੀ ਨੇ 1762 ਈ: ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਮੁੜ ਕੇ ਚੜ੍ਹਾਈ ਕਰ ਦਿੱਤੀ। ਇਸ ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਹਥਿਆਰਾਂ ਸਮੇਤ ਅਤੇ ਖਾਲੀ ਹੱਥ, ਦੋਨਾਂ ਰੂਪਾਂ ‘ਚ ਦਰਸ਼ਨ-ਇਸ਼ਨਾਨ ਕਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕੱਤਰ ਹੋਏ ਸਨ। ਆਪਣੇ ਪ੍ਰਾਣੋ ਪਿਆਰੇ ਧਰਮ-ਅਸਥਾਨ ਦੀ ਰਖਵਾਲੀ ਹਿਤ ਅਣਗਿਣਤ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਰੂਦ ਨਾਲ ਮੁੜ ਉਡਾ ਦਿੱਤਾ ਗਿਆ ਅਤੇ ਪਵਿੱਤਰ ਸਰੋਵਰ ਨੂੰ ਅਪਵਿੱਤਰ ਕੀਤਾ ਗਿਆ। ਇਹ ਖਿਆਲ ਕੀਤਾ ਜਾਂਦਾ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ ਤਾਂ ਉੱਡਦੀ ਇੱਟ ਦਾ ਇਕ ਟੋਟਾ ਸ਼ਾਹ ਦੇ ਨੱਕ ‘ਤੇ ਆਣ ਵੱਜਾ। ਇਹ ਜ਼ਖਮ ਉਸ ਦੀ ਜਾਨ ਲੈ ਕੇ ਰਿਹਾ।

1764 ਦੇ ਦਸੰਬਰ ਮਹੀਨੇ ਅਹਿਮਦਸ਼ਾਹ ਅਬਦਾਲੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਸਾਰੀ ਸਿੱਖ ਕੌਮ ਦਾ ਨਾਸ਼ ਕਰ ਦੇਣ ਦੇ ਇਕੋਂ-ਇਕ ਉਦੇਸ਼ ਨਾਲ ਹੱਲਾ ਕੀਤਾ ਗਿਆ। ਪਰ ਉਹਦੇ ਪੁੱਜਣ ਤੋ ਪਹਿਲਾਂ ਸਿੱਖ ਸ਼ਹਿਰ ਛੱਡ ਗਏ ਅਤੇ ਉਹ ਹੈਰਾਨ ਹੋਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ‘ਚ ਤਾਂ ਸਿਰਫ ਤੀਹ ਸਿੰਘ ਹੀ ਸਨ ਜਿਨ੍ਹਾਂ ਨੇ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ‘ਚ ਉਹਦੇ ਨਾਲ ਡੱਟ ਕੇ ਟਾਕਰਾ ਕੀਤਾ ਅਤੇ ਸਾਰੇ ਹੀ ਸ਼ਹੀਦੀਆਂ ਪਾ ਗਏ। ਅਬਦਾਲੀ ਨੇ ਨਵੇਂ ਬਣਾਏ ਗਏ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਫਿਰ ਡੇਗ ਦਿੱਤਾ ਅਤੇ ਪਵਿੱਤਰ ਸਰੋਵਰ ਨੂੰ ਪੂਰ ਕੇ ਧਰਤੀ ਦੇ ਬਰਾਬਰ ਕਰ ਦਿੱਤਾ।

ਸੰਨ 1767 ਵਿਚ ਭਾਰਤ ਤੋਂ ਆਖਰੀ ਵਾਰ ਜਾਣ ਤੋਂ ਪਹਿਲਾਂ ਅਹਿਮਦਸ਼ਾਹ ਨੇ ਅੰਮ੍ਰਿਤਸਰ ‘ਤੇ ਹੱਲਾ ਕਰਨ ਦੀ ਸੋਚੀ ਪਰ ਉਹ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ‘ਚ ਦਾਖਲ ਹੋਣ ਦਾ ਹੌਸਲਾ ਵੀ ਨਾ ਕਰ ਸਕਿਆ ਅਤੇ ਇਸ ਮਗਰੋਂ ਇਹ ਸਦਾ ਸਿੱਖਾਂ ਦੀ ਹੀ ਸੇਵਾ-ਸੰਭਾਲ ਵਿਚ ਰਿਹਾ।

ਜੂਨ 1984 ਵਿਚ ਭਾਰਤੀ ਫੌਜ ਦੁਆਰਾ ਨੀਲਾ ਤਾਰਾ ਅਪ੍ਰੇਸ਼ਨ ਅਧੀਨ ਇਸ ‘ਤੇ ਹੱਲਾ ਕੀਤਾ ਗਿਆ ਜਿਸ ਵਿਚ ਸੈਂਕੜੇ ਬੇਕਸੂਰ ਸਿੱਖ ਸ਼ਰਧਾਲੂ ਸ਼ਹੀਦ ਹੋਏ।

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੁਆਰਾ ਸਮੂਹਿਕ ਰੂਪ ‘ਚ ਕੀਤਾ ਗਿਆ ਅਤੇ ਕਈ ਬੁੰਗਿਆਂ ਦੀ ਰਚਨਾ ਹੋਈ। ਜੋ ਵੀ ਸਿੱਖ ਆਗੂ ਅੰਮ੍ਰਿਤਸਰ ਆਉਂਦੇ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਮਾਮਲਿਆਂ ‘ਚ ਕੋਈ ਦਖਲਅੰਦਾਜ਼ੀ ਨਾ ਕਰਦੇ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਾਰੀਆਂ ਆਮ ਇਕੱਤਰਤਾਵਾਂ (ਦੀਵਾਨ) ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰ ‘ਚ ਹੀ ਹੁੰਦੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ‘ਚ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸ਼ਾਸਨ ਰਾਜ ਦੇ ਪ੍ਰਬੰਧ ‘ਚ ਚਲਾ ਗਿਆ। ਮਹਾਰਾਜੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਕਾਸ ਅਤੇ ਇਸ ਨੂੰ ਸੁਹਣਾ ਬਣਾਉਣ ‘ਚ ਡੂੰਘੀ ਰੁਚੀ ਲਈ।

ਬਰਤਾਨਵੀ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਇਕ ਵਿਅਕਤੀ ‘ਸਰਬਰਾਹ’ ਹੱਥ ਦਿੱਤਾ ਹੋਇਆ ਸੀ। ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅਖੋਤੀ ਸਿੱਖ ਸਰਦਾਰਾਂ ਅਤੇ ਰਈਸਾਂ ਦੀ ਇਕ ਕਮੇਟੀ ਵੀ ਬਣਾਈ ਹੋਈ ਸੀ। ਪੁਜਾਰੀ, ਭੇਟਾਂ ਆਦਿ ਵਿੱਚੋਂ ਆਪਣਾ ਪੁਸ਼ਤੈਨੀ ਹਿੱਸਾ ਵੰਡਣ ਲੱਗੇ। ਦੂਜੇ ਬੰਨੇ ਸਰਬਰਾਹਾਂ ਦੀ ਲੁਕਵੀਂ ਸ਼ਰਾਰਤ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਹਦੂਦ ਵਿਚ ਗੁਰਮਤਿ-ਵਿਰੋਧੀ ਕਰਮਕਾਂਡ ਹੋਣ ਲੱਗੇ। ਸਿੱਖਾਂ ਵਿਚ ਵੱਡਾ ਰੋਹ ਫੈਲ ਗਿਆ ਅਤੇ ਇਸ ਦਾ ਨਤੀਜਾ ਸੀ ‘ਸਿੱਖ ਗੁਰਦੁਆਰਾ ਸੁਧਾਰ ਲਹਿਰ’। ਹੁਣ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਇਕ ਵਾਰੀ ਮੁੜ ਕੇ ਜਾਨਾਂ ਵਾਰਨੀਆਂ ਪਈਆਂ। ਪੂਜਾ-ਅਸਥਾਨਾਂ ਦੇ ਸੁਧਾਰ ਦੇ ਸੰਘਰਸ਼ ‘ਚ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਮੋਢੀ ਰਿਹਾ।

ਗੁਰਦੁਆਰਾ ਸੁਧਾਰ ਲਹਿਰ ਉਦੋਂ ਸ਼ਾਂਤ ਹੋਈ ਜਦੋਂ ਸਿੱਖ ਗੁਰਦੁਆਰਾ ਕਾਨੂੰਨ, 1925 ਹੋਂਦ ‘ਚ ਆਇਆ ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਸੰਚਾਲਣ ਅਤੇ ਪ੍ਰਬੰਧ ਦਾ ਹੱਕ ਬਾਲਗ ਵੋਟ ਅਧਿਕਾਰ ਦੁਆਰਾ ਚੁਣੇ ਗਏ ਸਿੱਖਾਂ ਦੀ ਪ੍ਰਤੀਨਿਧਤਾ ਵਾਲੇ ਸੰਗਠਨ ਦੇ ਹੱਥਾਂ ਵਿਚ ਸੌਂਪ ਦਿੱਤਾ ਗਿਆ। ਇਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune