ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ (ਸ੍ਰੀ ਅੰਮ੍ਰਿਤਸਰ) ਪੰਜਾਬ

ਪੁਰਾਤਨ ਦਿੱਲੀ-ਲਾਹੌਰ ਸ਼ਾਹ ਰਾਹ ‘ਤੇ ਹੈ ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ। ਪਵਿੱਤਰ ਧਾਰਮਿਕ-ਇਤਿਹਾਸਕ ਸ਼ਹਿਰ ਤਰਨਤਾਰਨ। ਗੁਰੂ ਅਰਜਨ ਦੇਵ ਜੀ ਨੇ ਖਾਰਾ ਤੇ ਪਲਾਸੌਰ ਦੇ ਪਿੰਡਾਂ ਦੀ ਜ਼ਮੀਨ ਖਰੀਦ ਕੇ 17 ਵੈਸਾਖ, ਸੰਮਤ 1647 ਬਿ: (1590 ਈ:) ਨੂੰ ਇਕ ਧਾਰਮਿਕ ਕੇਂਦਰ ਦੇ ਸਰੋਵਰ ਦੀ ਸ਼ੁਰੂ ਕਰਵਾਈ ਅਤੇ 4 ਚੇਤ, ਸੰਮਤ 1653 ਬਿ: (1596 ਈ:) ਨੂੰ  ਇਹਿਤਾਸਕ ਨਗਰ ਦੀ ਨੀਂਹ ਰੱਖੀ। ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਵੀ ਇਸ ਅਸਥਾਨ ‘ਤੇ ਆਪਣੇ ਮੁਬਾਰਕ ਚਰਨ ਪਾਏ ਸਨ। ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਅਜੇ ਚਲ ਹੀ ਰਹੀ ਸੀ ਕਿ ਸਰਾਇ ਨੂਰਦੀਨ ਦੀ ਉਸਾਰੀ ਸਰਕਾਰੀ ਤੌਰ ‘ਤੇ ਸ਼ੁਰੂ ਹੋਈ, ਜਿਸ ਕਰਕੇ ਜ਼ਬਰਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਰੋਕ ਦਿੱਤੀ ਗਈ। ਉਸਾਰੀ ਵਾਸਤੇ ਇਕੱਠੀਆਂ ਕੀਤੀਆਂ ਇੱਟਾਂ ਵੀ ਨੂਰਦੀਨ ਦਾ ਪੁੱਤਰ ਅਮੀਰੁੱਦੀਨ ਚੁੱਕ ਕੇ ਲੈ ਗਿਆ। ਸੰਨ; 1835 ਬਿ: (1778 ਈ:) ਵਿਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਪੱਟੀ ਪਰਗਣੇ ‘ਤੇ ਕਬਜ਼ਾ ਕੀਤਾ ਤੇ ਨੂਰਦੀਂ ਦੀ ਸਰਾਇ ਨੂੰ ਢਵਾ ਕੇ ਗੁਰੂ-ਘਰ ਦੀਆਂ ਇੱਟਾਂ ਵਾਪਸ ਲਿਆਂਦੀਆਂ ਤੇ ਗੁਰੂ-ਨਗਰੀ ਤਰਨਤਾਰਨ ਦਾ ਨਿਰਮਾਣਾ ਕਾਰਜ ਦੋਬਾਰਾ ਸ਼ੁਰੂ ਕਰਵਾਇਆ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜਕਾਲ ਦੌਰਾਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਇਮਾਰਤ ਨੂੰ ਨਵੀਨ ਰੂਪ ਪ੍ਰਦਾਨ ਕੀਤਾ ਤੇ ਸੋਨੇ ਦੀ ਮੀਨਾਕਾਰੀ ਦਾ ਇਤਿਹਾਸਕ ਕਾਰਜ ਕਾਰਵਾਇਆ। ਵਿਸ਼ਾਲ ਸਰੋਵਰ ਦੀ ਪਰਕਰਮਾ ਪੱਕੀ ਵੀ ਸ਼ੇਰੇ ਪੰਜਾਬ ਦੇ ਰਾਜ ਕਾਲ ਸਮੇਂ ਹੋਈ। ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਦੇ ਆਰਾਮ ਵਾਸਤੇ ਬਹੁਤ ਸਾਰੇ ਬੁੰਗੇ ਵੀ ਬਣਾਏ ਗਏ। ਅੰਗਰੇਜ਼ ਰਾਜ ਸਮੇਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਉਦਾਸੀ ਮਹੰਤਾਂ ਪਾਸ ਰਿਹਾ ਜੋ ਸਮੇਂ ਦੇ ਗੇੜ ਨਾਲ ਅਤਿ ਦਰਜੇ ਦੇ ਨੀਚ ਸਾਬਤ ਹੋਏ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ 26 ਜਨਵਰੀ, 1920 ਨੂੰ ਉਦਾਸੀਆਂ ਨਾਲ ਸੰਘਰਸ਼ ਕਰਕੇ ਸਿੰਘਾਂ ਨੇ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ। 1930 ਈ: ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਅਤਿ ਸੁੰਦਰ ਆਲੀਸ਼ਾਨ ਇਮਾਰਤ, ਵਿਸ਼ਾਲ ਸਰੋਵਰ ਦੇ ਇਕ ਕਿਨਾਰੇ ਸਸ਼ੋਭਿਤ ਹੈ। ਇਸ ਪਵਿੱਤਰ ਇਤਿਹਾਸਕ ਅਸਥਾਨ ‘ਤੇ ਸਾਰੇ ਗੁਰਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜੋੜ ਮੇਲਾ ਤੇ ਖਾਲਸੇ ਦਾ ਸਿਰਜਣਾ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਤਰਨ ਤਾਰਨ ਰੇਲਵੇ ਸਟੇਸ਼ਨ ਤੋਂ ਇਕ ਕਿਲੋਮੀਟਰ ਤੇ ਬੱਸ ਸਟੈਂਡ ਤਰਨ ਤਾਰਨ ਤੋਂ ਅੱਧਾ ਕਿਲੋਮੀਟਰ ਦੂਰੀ ‘ਤੇ ਸ਼ੋਭਨੀਕ ਹੈ। ਤਰਨਤਾਰਨ ਸ਼ਹਿਰ ਅੰਮ੍ਰਿਤਸਰ ਜਿਲ੍ਹੇ ਦਾ ਪ੍ਰਮੁੱਖ ਧਾਰਮਿਕ ਕੇਂਦਰ ਹੈ ਜੋ ਅੰਮ੍ਰਿਤਸਰ ਤੋਂ ਕੇਵਲ 24 ਕਿਲੋਮੀਟਰ ਦੀ ਦੂਰੀ ‘ਤੇ ਅੰਮ੍ਰਿਤਸਰ-ਫਿਰੋਜ਼ਪੁਰ ਰੋਡ ‘ਤੇ ਸਥਿਤ ਹੈ। ਤਰਨ ਤਾਰਨ ਗੋਇੰਦਵਾਲ, ਝਬਾਲ, ਫਿਰੋਜ਼ਪੁਰ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਰਾਹੀ ਜੁੜਿਆ ਹੈ।

ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਤਰਨਤਾਰਨ ਵਿਚ ਗੁਰਦੁਆਰਾ ਗੁਰੂ ਦਾ ਖੂਹ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਟੱਕਰ ਸਾਹਿਬ, ਬੀਬੀ ਭਾਨੀ ਦਾ ਖੂਹ ਆਦਿ ਧਾਰਮਿਕ-ਇਤਿਹਾਸਕ ਅਸਥਾਨ ਦੇਖਣਯੋਗ ਹਨ।

ਯਾਤਰੂਆਂ ਦੀ ਰਿਹਾਇਸ਼, ਟਹਿਲ ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। 12 ਬਾਥਰੂਮ ਸਮੇਤ ਤੇ 12 ਆਮ ਕਮਰੇ ਰਿਹਾਇਸ਼ ਵਾਸਤੇ ਬਣੇ ਹੋਏ ਹਨ। ਵਧੇਰੇ ਜਾਣਕਾਰੀ ਲਈ 01852-22707 ਨੰ: ‘ਤੇ ਫੋਨ ਕੀਤਾ ਜਾ ਸਕਦਾ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune