ਗੁਰਦੁਆਰਾ ਬਿਬੇਕਸਰ ਸਾਹਿਬ

ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਤੇ ਇਤਿਹਾਸਕ ਧਰਤ ‘ਤੇ ਸੁਭਾਇਮਾਨ ਹੈ, ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿਰਜਤ ਅਸਥਾਨ ਗੁਰਦੁਆਰਾ ਬਿਬੇਕਸਰ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਨ 1628 ਈ: ਵਿਚ ਭਾਈ ਗੁਰਦਾਸ ਜੀ ਪਾਸੋਂ ਅਰਦਾਸ ਕਰਵਾ ਇਸ ਅਸਥਾਨ ਦੀ ਨੀਂਹ ਆਪਣੇ ਕਰ ਕਮਲਾਂ ਨਾਲ ਰੱਖੀ। ਗੁਰੂ ਜੀ ਰੋਜ਼ਾਨਾ ਇਸ ਅਸਥਾਨ ‘ਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਦ੍ਰਿੜ੍ਹ ਕਰਵਾਇਆ ਕਰਦੇ ਸਨ ਜਿਸ ਕਰਕੇ ਨਾਮ ਬਿਬੇਕਸਰ ਪ੍ਰਸਿੱਧ ਹੋਇਆ।

ਸਿੱਖ ਧਰਮ ਦੇ ਨਿਯਮਾਂ ਨੂੰ ਦ੍ਰਿੜ੍ਹਤਾ ਨਾਲ ਧਾਰਨ ਕਰਨ ਨੂੰ ਬਿਬੇਕ ਕਿਹਾ ਜਾਂਦਾ ਹੈ। ਪਹਿਲਾਂ ਇਹ ਅਸਥਾਨ ਸ਼ਾਂਤ ਵਾਤਾਵਰਣ ਵਿਚ ਇਕ ਸਰੋਵਰ ਦੇ ਰੂਪ ਵਿਚ ਸੀ। ਮਹਾਰਾਜਾ ਰਣਜੀਤ ਸਿੰਘ ਸਿੰਘ ਨੇ 1833 ਈ: ਵਿਚ ਇਸ ਅਸਥਾਨ ‘ਤੇ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। 1905-06 ਈ: ਵਿਚ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਹੋਈ।

ਇਸ ਗੁਰਦੁਆਰੇ ਦਾ ਪ੍ਰਬੰਧ ਪਹਿਲਾ ਉਦਾਸੀ ਕਰਦੇ ਸਨ ਫਿਰ ਕੁਝ ਸਮਾਂ ਨਿਹੰਗ ਸਿੰਘ ਕਰਦੇ ਰਹੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11 ਜੁਲਾਈ, 1993 ਈ: ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਵਾਈ ਗਈ ਜਿਸ ਸਦਕਾ ਵਰਤਮਾਨ ਸੁੰਦਰ ਇਮਾਰਤ ਤੇ ਸਰੋਵਰ ਬਣਿਆ। ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਰਾਹੀਂ ਕਰਦੀ ਹੈ। ਇਸੇ ਅਸਥਾਨ ‘ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune