ਗੁਰਦੁਆਰਾ ਪ੍ਰਕਾਸ਼ ਅਸਥਾਨ, ਪਾਤਸ਼ਾਹੀ ਛੇਵੀਂ ਗੁਰੂ ਕੀ ਵਡਾਲੀ

Gurudwara Sri Guru Ki Wadali 05ਗੁਰਦੁਆਰਾ ਪ੍ਰਕਾਸ਼ ਅਸਥਾਨ ਪਾਤਸ਼ਾਹੀ ਛੇਵੀਂ, ਗੁਰੂ ਕੀ ਵਡਾਲੀ ਉਹ ਪਵਿੱਤਰ ਪਾਵਨ ਅਸਥਾਨ ਹੈ, ਜਿਥੇ ਮੀਰੀ-ਪੀਰੀ ਦੇ ਮਾਲਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 21 ਹਾੜ, ਸੰਮਤ 1652 (14 ਜੂਨ, 1595) ਨੂੰ ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਉਦਰ ਤੋਂ ਹੋਇਆ। ਗੁਰੂ ਅਰਜਨ ਦੇਵ ਜੀ ਆਪਣੇ ਵੱਡੇ ਭਾਈ ਪ੍ਰਿਥੀ ਚੰਦ ਦੀ ਵਿਰੋਧਤਾ ਕਾਰਨ, ਗੁਰੂ ਕੀ ਵਡਾਲੀ ਨਗਰ ਵਿਖੇ ਪਰਿਵਾਰ ਸਮੇਤ ਕੁਝ ਸਮੇਂ ਤੋਂ ਨਿਵਾਸ ਰੱਖ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਸਪੁੱਤਰ ਸਨ। ਬਾਲ ਹਰਿਗੋਬਿੰਦ ਜੀ ਦੇ ਪ੍ਰਗਟ ਹੋਣ ਨਾਲ ਪਰਿਵਾਰ ਤੇ ਸਿੱਖ ਸੰਗਤਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪ੍ਰਿਥੀ ਚੰਦ, ਬਾਲ ਹਰਿਗੋਬਿੰਦ ਦੇ ਪ੍ਰਕਾਸ਼ ਨੂੰ ਆਪਣੇ ਸੁਆਰਥਾਂ ਦੇ ਰਸਤੇ ਵਿਚ ਰੋੜਾ ਸਮਝਦਾ ਸੀ। ਉਸ ਨੇ ਆਪਣੀ ਲਾਲਚੀ ਬਿਰਤੀ ਦੀ ਪੂਰਤੀ ਲਈ ਬਾਲ ਹਰਿਗੋਬਿੰਦ ਜੀ ਦੀ ਜੀਵਨ ਲੀਲ੍ਹਾ ਨੂੰ ਸਮਾਪਤ ਕਰਨ ਲਈ ਹਰ ਸੰਭਵ ਯਤਨ ਕੀਤਾ ਤਾਂ ਜੋ ਉਹ ਆਪਣੇ ਸਪੁੱਤਰ ਨੂੰ ਗੁਰਗੱਦੀ ਦਾ ਵਾਰਸ ਸਾਬਤ ਕਰ ਸਕੇ ਪਰ ਬਾਲਕ ਹਰਿਗੋਬਿੰਦ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਵੇਂ ਨਰੋਏ ਰਹੇ। ਗੁਰੂ ਹਰਿਗੋਬਿੰਦ ਜੀ ਨੇ ਬਾਲ-ਵਰੇਸ ਦੇ ਪਹਿਲੇ ਦਿਨ ਗੁਰੂ ਕੀ ਵਡਾਲੀ ਦੀ ਧਰਤੀ ‘ਤੇ ਵਿਚਰ ਕੇ ਸੁਕਾਰਥ ਕੀਤੇ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਪਿੱਛੋਂ ਵੀ ਆਪਣੇ ਮੁਬਾਰਕ ਚਰਨ ਇਸ ਧਰਤੀ ‘ਤੇ ਪਾਏ। ਯਾਦਗਾਰ ਵਜੋਂ ਗੁਰਦੁਆਰਾ ਦਮਦਮਾ ਸਾਹਿਬ ਸ਼ੋਭਨੀਕ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ‘ਤੇ ਅਮਰ ਯਾਦਗਾਰ ਵਜੋਂ ਸੁੰਦਰ ਸੁਸ਼ੋਭਿਤ ਹੈ। ਇਸ ਗੁਰਦੁਆਰੇ ਨੂੰ ਗੁਰਦੁਆਰਾ ਅਟਾਰੀ ਸਾਹਿਬ ਵੀ ਕਿਹਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਮੌਜੂਦਾ ਪੰਜ-ਮੰਜ਼ਲੀ ਸ਼ਾਨਦਾਰ ਇਮਾਰਤ ਦਾ ਨਿਰਮਾਣਾ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਕਰਵਾਇਆ। ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਮੀਰੀ-ਪੀਰੀ ਦੇ ਪ੍ਰਤੀਕ ਦੋ ਕੇਸਰੀ ਪਰਚਮ ਝੂਲਦੇ ਦੂਰੋ ਦਿਖਾਈ ਦਿੰਦੇ ਹਨ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ। ਗੁਰਦੁਆਰਾ ਗੁਰੂ ਕੀ ਵਡਾਲੀ ਤੇ ਗੁਰਦੁਆਰਾ ਛੇਹਰਟਾ ਸਾਹਿਬ ਦਾ ਪ੍ਰਬੰਧ ਇਕ ਹੀ ਮੈਨੇਜਰ ਅਧੀਨ ਹੈ।

ਇਸ ਪਾਵਨ ਅਸਥਾਨ ‘ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਹਜ਼ਾਰਾਂ ਸੰਗਤਾਂ ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਕਰਨ ਲਈ ਹਾਜ਼ਰ ਹੁੰਦੀਆਂ ਹਨ। ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਸੁਚੱਜਾ ਹੈ।

ਸ੍ਰੀ ਅੰਮ੍ਰਿਤਸਰ ਲਾਹੌਰ ਸ਼ਾਹ ਰਾਹ ‘ਤੇ ਛੇਹਰਟਾ ਸਾਹਿਬ ਬੱਸ ਸਟੈਂਡ ਤੋਂ ਇਹ ਇਤਿਹਾਸਕ ਅਸਥਾਨ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਛੇਹਰਟਾ ਅੰਮ੍ਰਿਤਸਰ-ਲਾਹੌਰ ਰੇਲਵੇ ਲਾਈਨ ਤੋਂ ਪਹਿਲਾ ਸਟੇਸ਼ਨ ਹੈ ਜੋ ਬੱਸ ਸਟੈਂਡ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਹੈ।

ਗੁਰਦੁਆਰਾ ਛੇਹਰਟਾ ਸਾਹਿਬ, ਪਾਤਸ਼ਾਹੀ ਛੇਵੀਂ (ਸ੍ਰੀ ਅੰਮ੍ਰਿਤਸਰ) ਪੰਜਾਬ

ਗੁਰੂ ਵਰਸਾਏ ਪਵਿੱਤਰ ਪਾਵਨ ਇਤਿਹਾਸਕ ਸ਼ਹਿਰ ਸ੍ਰੀ ਅੰਮ੍ਰਿਤਸਰ ਦੀ ਹਦੂਦ ਅੰਦਰ ਹੀ ਹੈ, ਧਾਰਮਿਕ ਸਮਾਜਿਕ-ਇਤਿਹਾਸਕ ਮਹੱਤਤਾ ਵਾਲਾ ਨਗਰ ਛੇਹਰਟਾ। ਪ੍ਰਿਥੀ ਚੰਦ ਦੇ ਨਿੱਤ ਦੇ ਕਲੇਸ਼ ਨੂੰ ਖਤਮ ਕਰਨ ਲਈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕੁਝ ਸਮਾਂ ਗੁਰੂ ਕੀ ਵਡਾਲੀ ਵਿਖੇ ਪਰਿਵਾਰ ਸਮੇਤ ਨਿਵਾਸ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਸੁਹਾਵੀ ਧਰਤੀ ‘ਤੇ ਹੀ ਪ੍ਰਗਟ ਹੋਏ ਤੇ ਇਥੇ ਹੀ ਉਨ੍ਹਾਂ ਦੀ ਬਾਲ ਵਰੇਸ ਪ੍ਰਵਾਨ ਚੜ੍ਹੀ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਕੀ ਵਡਾਲੀ ਦੇ ਨਜ਼ਦੀਕ ਸੰਗਤਾਂ ਦੀ ਮੰਗ ਨੂੰ ਸਨਮੁੱਖ ਰੱਖਦਿਆਂ ਪਾਣੀ ਦੀ ਘਾਟ ਨੂੰ ਪੂਰਿਆਂ ਕਰਨ ਲਈ ਸੰਮਤ 1654 ਬਿਕਰਮੀ  (1597 ਈ:) ਵਿਚ ਬਹੁਤ ਚੌੜੇ ਖੂਹ ਦਾ ਨਿਰਮਾਣ ਕਰਵਾਇਆ, ਜਿਸ ਵਿਚ ਛੇ ਹਰਟ ਇਕ ਸਮੇਂ ਚਲ ਸਕਦੇ ਸਨ। ਛੇ ਹਰਟ ਚੱਲਣ ਕਰਕੇ ਹੀ ਛੇਹਰਟਾ ਨਗਰ ਆਬਾਦ ਹੋਇਆ। ਗੁਰੂ ਜੀ ਵੱਲੋਂ ਕੀਤੇ ਇਸ ਬਹੁ-ਉਪਕਾਰੀ ਕਾਰਜ ਦੀ ਯਾਦ ਵਿਚ ਗੁਰਦੁਆਰਾ ਛੇਹਰਟਾ ਸਾਹਿਬ ਸੁਭਾਇਮਾਨ ਹੈ। ਗੁਰਦੁਆਰਾ ਛੇਹਰਟਾ ਸਾਹਿਬ ਦੀ ਪੁਰਾਤਨ ਇਮਾਰਤ ਦੀ ਥਾਂ ਨਵੀਂ ਇਮਾਰਤ ਦੀ ਉਸਾਰੀ ਮਈ, 1999 ਤੋਂ ਚਲ ਰਹੀ ਹੈ। ਛੇਹਰਟਾ ਕਸਬਾ ਹੁਣ ਸ੍ਰੀ ਅੰਮ੍ਰਿਤਸਰ ਨਾਲ ਇਕਮਿੱਕ ਹੋ ਚੁੱਕਾ ਹੈ। ਛੇਹਰਟਾ ਸ੍ਰੀ ਅੰਮ੍ਰਿਤਸਰ ਤੋਂ ਲਾਹੌਰ ਦੇ ਰਾਹ ‘ਤੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਕੇਵਲ 8 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੈ ਜੋ ਅੰਮ੍ਰਿਤਸਰ-ਲਾਹੌਰ ਰੇਲਵੇ ਸਟੇਸ਼ਨ ਦਾ ਪਹਿਲਾ ਸਟੇਸ਼ਨ ਹੈ। ਛੇਹਰਟਾ ਰੇਲਵੇ ਸਟੇਸ਼ਨ ਤੋਂ ਇਹ ਧਾਰਮਿਕ ਅਸਥਾਨ ਕੇਵਲ 0.5 ਕਿਲੋਮੀਟਰ ਤੇ ਬੱਸ ਸਟੈਂਡ ਛੇਹਰਟਾ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ।

ਗੁਰੂ ਸਾਹਿਬ ਦੇ ਆਗਮਨ ਗੁਰਪੁਰਬ ਵਿਸ਼ੇਸ਼ ਤੌਰ ਤੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਮਨਾਏ ਜਾਂਦੇ ਹਨ। ਬਸੰਤ ਪੰਚਮੀ ਨੂੰ ਭਾਰੀ ਮੇਲਾ ਹੁੰਦਾ ਹੈ ਤੇ ਲੋਕ ਸਰੋਵਰ ਵਿਚ ਇਸ਼ਨਾਨ ਕਰਨ ਲਈ ਦੂਰੋਂ-ਦੂਰੋਂ ਆਉਂਦੇ ਹਨ।

ਇਸ ਧਾਰਮਿਕ ਅਸਥਾਨ ਦੇ ਨਜ਼ਦੀਕ ਹੀ ਗੁਰਦੁਆਰਾ ਗੁਰੂ ਕੀ ਵਡਾਲੀ, ਗੁਰਦੁਆਰਾ ਦਮਦਮਾ ਸਾਹਿਬ ਦਰਸ਼ਨ ਕਰਨ ਯੋਗ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਧਾਰਮਿਕ ਸਾਹਿਤ ਇਸ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਯਾਤਰੂਆਂ ਦੀ ਸਹੂਲਤ ਵਾਸਤੇ ਲੰਗਰ-ਪ੍ਰਸ਼ਾਦਿ ਰਿਹਾਇਸ਼ ਦਾ ਪ੍ਰਬੰਧ ਸੁਚੱਜਾ ਹੈ। ਵਧੇਰੇ ਜਾਣਕਾਰੀ 0183-258147

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune