ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ

Gurudwara Shri Baba Bakala Sahib 01ਬਾਬਾ ਬਕਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਮੁੱਖ ਧਾਰਮਿਕ ਇਤਿਹਾਸਕ ਨਗਰ ਹੈ। ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਇਸ ਨਗਰ ਵਿਚ ਹੀ ਭਾਈ ਹਰੀ ਚੰਦ ਲੱਧੇ ਦੀ ਸਪੁੱਤਰੀ ਬੀਬੀ ਨਾਨਕੀ ਨਾਲ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਕਾਫੀ ਸਮਾਂ ਆਪਣੇ ਨਾਨਕੇ ਨਗਰ ‘ਬਕਾਲੇ’ ਮਾਤਾ ਨਾਨਕੀ ਤੇ ਆਪਣੀ ਧਰਮ ਸੁਪਤਨੀ ਮਾਤਾ ਗੁਜਰੀ ਜੀ ਨਾਲ ਰਹੇ। ਆਪ ਜੀ ਨੇ ਇਹ ਸਮਾਂ ਨਾਮ-ਸਿਮਰਨ, ਪ੍ਰਭੂ-ਭਗਤੀ ਵਿਚ ਲਗਾ ਕੇ ਸਕਾਰਥ ਕੀਤਾ।

ਅੱਠਵੇਂ ਨਾਨਕ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਤਮ-ਅੰਮ੍ਰਿਤ ਬਚਨ ‘ਬਾਬਾ ਬਕਾਲੇ’ ਗੁਰੂ ਤੇਗ ਬਹਾਦਰ ਜੀ ਦੇ ਨੌਵੇਂ ਨਾਨਕ ਦੇ ਰੂਪ ਵਿਚ ਗੁਰਗੱਦੀ ‘ਤੇ ਬਿਰਾਜਮਾਨ ਹੋਣ ਵੱਲ ਸਪੱਸ਼ਟ ਸੰਕੇਤ ਕਰਦੇ ਸਨ ਪਰ ਬਹੁਤ ਸਾਰੇ ਬਹੁਰੂਪੀਏ, ਡੰਭੀ-ਪਾਖੰਡੀ ਗੁਰੂ ਇਨ੍ਹਾਂ ਸ਼ਬਦਾਂ ਦਾ ਲਾਹਾ ਲੈਣ ਲਈ ‘ਬਕਾਲੇ’ ਨਗਰ ਵਿਚ ਆਪੋ-ਆਪਣੀਆਂ ਦੁਕਾਨਾਂ ਸਜਾ ਕੇ ਬੈਠ ਗਏ। ਗੁਰੂ ਤੇਗ ਬਹਾਦਰ ਜੀ ਤਾਂ ਉਸ ਸਮੇਂ ਇਕਾਂਤ ਵਾਸ ਪ੍ਰਭੂ ਭਗਤੀ ਵਿਚ ਮਗਨ ਸਨ ਪਰ ਆਮ ਸਿੱਖ ਸੰਗਤਾਂ, ਗੁਰੂ ਘਰ ਦੇ ਸ਼ਰਧਾਲੂ, ਪਖੰਡੀ ਧਾਰਮਿਕ ਗੁਰੂਆਂ ਦੀ ਦੁਕਾਦਾਰੀ ਤੋਂ ਡਾਢੇ ਪਰੇਸ਼ਾਨ ਸਨ।

ਅਖੀਰ ਇਕ ਦਿਨ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਭਾਈ ਮੱਖਣ ਸ਼ਾਹ ਨੇ ‘ਸਾਚੋ ਗੁਰੂ ਲਾਧੋ ਰੇ’ ਦਾ ਉੱਚੀ ਆਵਾਜ਼ ਦੇ ਕੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਸੰਗਤਾਂ ਨੂੰ ਕਰਵਾ, ਦੁਬਿਧਾ ਦੂਰ ਕਰਦਿਆਂ ਪਖੰਡੀਆਂ ਗੁਰੂਆਂ ਦੇ ਪਖੰਡ ਨੂੰ ਦੂਰ ਕੀਤਾ। ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ‘ਤੇ ਹੀ ਨੌਵੇਂ ਨਾਨਕ ਦੇ ਰੂਪ ਵਿਚ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਧੀਰ-ਮੱਲੀਏ ਵੀ ਕਈ ਵਾਰ ਗੁਰੂ-ਘਰ ‘ਤੇ ਹਮਲਾਵਰ ਹੋਏ ਪਰ ਸੱਚ ਪ੍ਰਗਟ ਹੋ ਕੇ ਹੀ ਰਿਹਾ। ਇਸ ਇਤਿਹਾਸਕ ਨਗਰੀ ਵਿਚ ਹੀ ਮਾਤਾ ਗੰਗਾ ਜੀ ਨੇ ਅੰਤ ਸੁਆਸ ਲਏ। ਗੁਰਦੁਆਰਾ ਬਾਬਾ ਬਕਾਲੇ ਦੀ ਆਲੀਸ਼ਾਨ ਇਮਾਰਤ ਦੇ ਦਰਸ਼ਨ ਦੂਰ-ਦੂਰ ਤੋਂ ਹੁੰਦੇ ਹਨ। ਇਸ ਧਾਰਮਿਕ ਅਸਥਾਨ ਦਾ ਪ੍ਰਬੰਧ ਪਹਿਲਾਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਸੀ ਪਰ ਹੁਣ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ।

ਇਸ ਪਵਿੱਤਰ ਅਸਥਾਨ ‘ਤੇ ਪਹਿਲੀ ਪਾਤਸ਼ਾਹੀ, ਨੌਵੀ ਤੇ ਦਸਵੀਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ, ਗੁਰਗੱਦੀ ਦਿਵਸ ਤੇ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਡੀ ਪੱਧਰ ਤੇ ਮਨਾਏ ਜਾਂਦੇ ਹਨ।

ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਮੰਜੀ ਸਾਹਿਬ ਆਦਿ.. ਇਤਿਹਾਸਕ ਅਸਥਾਨ ਵੀ ਬਾਬੇ ਬਕਾਲੇ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕਰਦੇ ਹਨ।

ਬਾਬਾ ਬਕਾਲਾ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ਦੇ ਬਿਆਸ ਸਟੇਸ਼ਨ ਤੋਂ ਕੇਵਲ 4 ਕਿਲੋਮੀਟਰ ਦੀ ਦੂਰੀ ‘ਤੇ ਜਲੰਧਰ-ਬਟਾਲਾ ਰੋਡ ‘ਤੇ ਸਥਿਤ ਹੈ। ਸੜਕੀ ਮਾਰਗ ਰਾਹੀਂ ਇਹ ਨਗਰ ਬਟਾਲਾ, ਜਲੰਧਰ, ਅੰਮ੍ਰਿਤਸਰ ਆਦਿ ਸ਼ਹਿਰਾਂ ਨਾਲ ਜੁੜਿਆ ਹੈ। ਇਸ ਪਵਿੱਤਰ ਅਸਥਾਨ ‘ਤੇ ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ ਪ੍ਰਸ਼ਾਦਿ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ 01853-45575 ਨੰਬਰ ਦੀ ਸਹੂਲਤ ਪ੍ਰਾਪਤ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune