ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ, ਕੱਥੂ ਨੰਗਲ

Bababuddhaji-Kathunangal7ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, ਇਹ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਅਮਰ ਯਾਦਗਾਰ ਵਜੋਂ ਸੁਭਾਇਮਾਨ ਹੈ। ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁੱਘੇ ਰੰਧਾਵੇ ਦੇ ਘਰ, ਮਾਤਾ ਗੌਰਾ ਦੇ ਉਦਰ ਤੋਂ 7 ਕੱਤਕ, ਸੰਮਤ 1563 (6 ਅਕਤੂਬਰ, 1507 ਈ:) ਨੂੰ ਕੱਥੂਨੰਗਲ ਵਿਖੇ ਹੋਇਆ। ਬਾਬਾ ਬੁੱਢਾ ਜੀ ਦੇ ਬਜ਼ੁਰਗਵਾਰ ਵਰਖਾ ਨ ਹੋਣ ਕਾਰਨ, ਆਪਣਾ ਮਾਲ-ਡੰਗਰ ਲੈ ਕੇ ਦਰਿਆ ਰਾਵੀ ਦੇ ਕਿਨਾਰੇ (ਰਮਦਾਰ ਨਗਰ) ਵੱਸ ਗਏ। ਇਥੇ ਹੀ ਬਾਬਾ ਬੁੱਢਾ ਜੀ ਦਾ ਮਿਲਾਪ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਦੇ ਨਾਲ ਹੋਇਆ ਤੇ ਗੁਰਸਿੱਖੀ ਧਾਰਨ ਕੀਤੀ। ਬਾਬਾ ਬੁੱਢਾ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ-ਘਰ ਨੂੰ ਸਮਰਪਿਤ ਕਰ ਦਿੱਤਾ ਤੇ ਗੁਰੂ-ਘਰ ਵਿਚ ਇਕ ਸਤਿਕਾਰਯੋਗ ਬਜ਼ੁਰਗ ਦਾ ਰੁਤਬਾ ਪ੍ਰਾਪਤ ਕੀਤਾ। ਬਾਬਾ ਬੁੱਢਾ ਜੀ ਨੂੰ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਦੀ ਮਰਯਾਦਾ ਕਰਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਣ ਹਾਸਲ ਹੋਇਆ।

ਪ੍ਰੇਮੀ ਗੁਰਸਿੱਖਾਂ ਨੇ ਗੁਰੂ-ਘਰ ਦੇ ਪ੍ਰੀਤਵਾਨ, ਅਨਿਨ ਸਿੱਖ ਬਾਬਾ ਬੁੱਢਾ ਜੀ ਦੇ ਜਨਮ ਘਰ ਕੱਥੂਨੰਗਲ ਵਿਖੇ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਇਸ ਗੁਰੂ-ਘਰ ਦੀ ਸੇਵਾ-ਸੰਭਾਲ ਪਹਿਲਾਂ ਨਗਰ ਨਿਵਾਸੀ ਇਕ ਕਮੇਟੀ ਦੇ ਰੂਪ ਵਿਚ ਕਰਦੇ ਸਨ। 26-07-1999 ਨੂੰ ਗੁਰਦੁਆਰਾ ਕਮੇਟੀ ਨੇ ਇਸ ਗੁਰਦੁਆਰੇ ਦਾ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਸੌਂਪ ਦਿੱਤਾ। ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣੀ ਹੋਈ ਹੈ ਤੇ ਨਾਲ ਸੁੰਦਰ ਸਰੋਵਰ ਹੈ। ਇਸ ਗੁਰੂ-ਘਰ ਵਿਖੇ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ, ਵਿਸਾਖੀ ਤੇ ਬਾਬਾ ਬੁੱਢਾ ਜੀ ਦਾ ਜਨਮ ਦਿਨ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਹਰ ਪੂਰਨਮਾਸ਼ੀ ਨੂੰ ਵੱਡੀ ਗਿਣਤੀ ਵਿਚ ਗੁਰਸਿੱਖ ਗੁਰਮਤਿ ਗਿਆਨ ਦੀ ਰੌਸ਼ਨੀ ਪ੍ਰਾਪਤ ਕਰਨ ਆਉਂਦੇ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ ਪ੍ਰਸ਼ਾਦਿ ਦਾ ਵਧੀਆਂ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਵੀ 15 ਕਮਰੇ ਬਣੇ ਹੋਏ ਹਨ। ਇਹ ਅਸਥਾਨ ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਤੇ ਬਟਾਲੇ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਕੱਥੂਨੰਗਲ ਦੇ ਬਾਹਰਵਾਰ ਸਥਿਤ ਹੈ। ਵਧੇਰੇ ਜਾਣਕਾਰੀ 0187-763888 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune