ਗੁਰਦੁਆਰਾ ਗੁਰੂ ਕਾ ਬਾਗ ਘੂਕੇਵਾਲੀ

guru ka baghਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤ ਸੁਹਾਵੀ ‘ਤੇ ਸੁਸੋਭਿਤ ਹੈ ਗੁਰਦੁਆਰਾ ਗੁਰੂ ਕਾ ਬਾਗ ਘੁਕੇਵਾਲੀ। ਗੁਰੂ ਅਰਜਨ ਦੇਵ ਜੀ, ਸਹਿੰਸਰੇ ਦੀ ਸੰਗਤ ਦੀ ਪ੍ਰੇਮ ਭਾਵਨਾ ਤੇ ਬੇਨਤੀ ਨੂੰ ਸਵੀਕਾਰਦੇ ਹੋਏ 1585 ਈ: ਵਿਚ ਇਸ ਅਸਥਾਨ ‘ਤੇ ਆਏ ਅਤੇ ਕੁਝ ਦਿਨ ਇਥੇ ਨਿਵਾਸ ਕਰ ਕੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ। ਗੁਰੂ ਤੇਗ ਬਹਾਦਰ ਜੀ 1664 ਈ: ਵਿਚ ਇਸ ਅਸਥਾਨ ‘ਤੇ ਆਏ ਅਤੇ ਖਾਲੀ ਜ਼ਮੀਨ ‘ਤੇ ਬਾਗ ਲਾਉਣ ਦੀ ਤਾਕੀਦ ਕੀਤੀ ਜਿਸ ‘ਤੇ ਇਹ ਅਸਥਾਨ ਗੁਰੂ ਕੇ ਬਾਗ ਵਜੋਂ ਪ੍ਰਸਿੱਧ ਹੋਇਆ। ਪਹਿਲਾਂ ਇਸ ਅਸਥਾਨ ਨੂੰ ਗੁਰੂ ਕੀ ਰੌੜ ਕਿਹਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਗੁਰੂ-ਘਰ ਦੇ ਨਿਰਮਾਣ ਕਾਰਜ ਤੇ ਬਾਗ ਦੇ ਵਿਕਾਸ ਕਾਰਜ ਵਿਚ ਚੋਖਾ ਯੋਗਦਾਨ ਪਾਇਆ। ਪਹਿਲਾਂ ਇਸ ਅਸਥਾਨ ਦਾ ਪ੍ਰਬੰਧ ਪਿਤਾ-ਪੁਰਖੀ ਮਹੰਤਾਂ ਪਾਸ ਸੀ। ਅਕਾਲੀ ਲਹਿਰ ਸਮੇਂ ਮਹੰਤ ਸੁੰਦਰ ਦਾਸ ਨੇ 1921 ਈ: ਵਿਚ ਗੁਰੂ-ਘਰ ਦਾ ਪ੍ਰਬੰਧ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਪਰ ਸਰਕਾਰੀ ਸ਼ਹਿ ‘ਤੇ ਗੁਰੂ ਕੇ ਬਾਗ ਦੀ ਜ਼ਮੀਨ ‘ਤੇ ਆਪਣਾ ਅਧਿਕਾਰ ਜਮਾਈ ਰੱਖਿਆ। ਗੁਰੂ ਕੇ ਬਾਗ ਵਿਚੋਂ ਲੰਗਰ ਵਾਸਤੇ ਲੱਕੜਾਂ ਕੱਟਣ ਗਏ 5 ਸੇਵਾਦਾਰਾਂ ਨੂੰ ਪੁਲਿਸ ਨੇ ਮਹੰਤ ਦੇ ਕਹਿਣ ‘ਤੇ 9 ਅਗਸਤ, 1922 ਨੂੰ ਗ੍ਰਿਫਤਾਰ ਕਰ ਲਿਆ ਤੇ ਛੇ-ਛੇ ਮਹੀਨੇ ਦੀ ਸਖਤ ਕੈਦ ਦੀ ਸਜ਼ਾ ਦਿੱਤੀ ਗਈ, ਜਿਸ ‘ਤੇ 12 ਅਗਸਤ, 1922 ਈ: ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾ ਦਿੱਤਾ। ਹਰ ਰੋਜ ਜਥੇ ਜਾਣੇ ਸ਼ੁਰੂ ਹੋ ਗਏ। ਸਰਕਾਰ ਨੇ ਜਥਿਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਸ਼ਾਂਤਮਈ ਜਥਿਆਂ ‘ਤੇ ਜੋ ਪੁਲਿਸ ਨੇ ਜ਼ੁਲਮ ਢਾਹੇ ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਪੁਲਿਸ ਦੇ ਜ਼ੁਲਮਾਂ ਨੂੰ ਅੱਖੀਂ ਤੱਕ ਅੰਗੇਰਜ਼ ਪਾਦਰੀ ਸੀ. ਐਫ. ਐਡਰੀਊ ਨੇ 12 ਸਤੰਬਰ 1922 ਨੂੰ ਲਿਖਿਆ ਹੈ ਕਿ ਮੈ ਰੋਜ਼ਾਨਾ ਸੈਂਕੜੇ ਮਸੀਹਾਂ ਨੂੰ ਸੂਲੀ ਚੜ੍ਹਦਿਆਂ ਤੱਕਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਅਖੀਰ ਅੰਗਰੇਜ਼ ਸਾਮਰਾਜ ਨੂੰ ਪੰਥਕ ਸ਼ਕਤੀ ਅੱਗੇ ਝੁਕਣਾ ਪਿਆ। 17 ਨਵੰਬਰ, 1922 ਨੂੰ ਮਹੰਤ ਸੁੰਦਰ ਦਾਸ ਨੇ ‘ਗੁਰੂ ਕੇ ਬਾਗ’ ਦੀ ਜ਼ਮੀਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। 21 ਅਪ੍ਰੈਲ, 1923 ਈ: ਨੂੰ ਕੁੱਲ ਗ੍ਰਿਫਤਾਰ ਹੋਏ 5605 ਅਕਾਲੀਆਂ ਨੂੰ ਸਰਕਾਰ ਨੇ ਰਿਹਾਅ ਕਰ ਦਿੱਤਾ। ਇਸ ਇਤਿਹਾਸਕ ਅਸਥਾਨ ‘ਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਤੇ ਸਾਲਾਨਾ ਜੋੜ ਮੇਲਾ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਯਾਤਰੂਆਂ ਦੀ ਟਹਿਲ ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆਂ ਪ੍ਰਬੰਧ ਹੈ। ਰਿਹਾਇਸ਼ ਵਾਸਤੇ 10 ਕਮਰੇ ਹਨ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਰਾਹੀਂ ਚਲਾਉਂਦੀ ਹੈ। ਇਹ ਅਸਥਾਨ ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੀ ਦੂਰੀ ‘ਤੇ ਅੰਮ੍ਰਿਤਸਰ-ਅਜਨਾਲਾ ਰੋਡ ‘ਤੇ ਲਿੰਕ ਰੋਡ ਕੁੱਕੜਾਂਵਾਲੀ-ਫਤਹਿਗੜ੍ਹ ਚੂੜੀਆਂ ‘ਤੇ ਸਥਿਤ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune