ਅੰਮ੍ਰਿਤਸਰ, 15 ਮਾਰਚ- ਅਧਿਆਤਮਕ ਤੇ ਰੂਹਾਨੀਅਤ ਦੇ ਸੋਮੇ ਵਜੋਂ ਵਿਲੱਖਣ ਮਹੱਤਤਾ ਰੱਖਣ ਵਾਲੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਸੋਨੇ ਦੀ ਧੁਆਈ ਦੀ ਕਾਰ ਸੇਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਵੱਲੋਂ ਬੜੀ ਸ਼ਰਧਾ ਸਤਿਕਾਰ ਨਾਲ ਆਰੰਭ ਕੀਤੀ ਗਈ। ਕਾਰ ਸੇਵਾ ਦੀ ਆਰੰਭਤਾ ਤੋਂ ਪਹਿਲਾਂ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ, ਜਿਸ ਉਪਰੰਤ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਦੇ ਇੰਚਾਰਜ ਭਾਈ ਇੰਦਰਜੀਤ ਸਿੰਘ ਦੀ ਦੇਖਰੇਖ ਹੇਠ ਇੰਗਲੈਂਡ ਤੋਂ ਪੁੱਜੇ ਜੱਥੇ ਦੇ ੨੫ ਮੈਂਬਰਾਂ ਨੇ ਸਾਂਝੇ ਰੂਪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਹਿੱਤ ਆਪਣੇ ਹੱਥੀਂ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ ਕੀਤੀ।
ਇਥੇ ਦੱਸਣਯੋਗ ਹੈ ਕਿ ਅਧਿਆਤਮਕਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਹੋਏ ਸੋਨੇ ਦੀ ਚਮਕ ਨੂੰ ਪ੍ਰਦੂਸ਼ਣ ਪ੍ਰਭਾਵਿਤ ਕਰ ਰਿਹਾ ਹੈ ਅਤੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਸੋਨੇ ਦੀ ਧੁਆਈ ਕਰਵਾਈ ਜਾਂਦੀ ਹੈ ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਅਲੌਕਿਕ ਦਿੱਖ ਬਰਕਰਾਰ ਰਹੇ। ਇਸੇ ਕੜੀ ਦੇ ਅੰਤਰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਦੇ ਮੈਂਬਰਾਂ ਨੂੰ ਸੋਨੇ ਦੀ ਧੁਆਈ ਕਰਨ ਦੀ ਕਾਰ ਸੇਵਾ ਸੌਂਪੀ ਗਈ ਹੈ। ਜਿਸ ਤਹਿਤ ਅੱਜ ਜੱਥੇ ਦੇ ਮੈਂਬਰਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਲੱਗੇ ਸੋਨੇ ਦੀ ਧੁਆਈ ਦਾ ਕਾਰਜ ਆਰੰਭ ਕੀਤਾ ਗਿਆ। ਸੋਨੇ ਦੀ ਧੁਆਈ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਥੇ ਦੇ ਮੈਂਬਰ ਸ. ਸੁਖਬੀਰ ਸਿੰਘ ਨੇ ਦੱਸਿਆ ਕਿ ਜਥੇ ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਸੇਵਾ ੮-੧੦ ਦਿਨਾਂ ਵਿਚ ਸੰਪੂਰਨ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਧਦੇ ਹੋਏ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਹਿੱਤ ਆਰੰਭੀ ਗਈ ਵਾਤਾਵਰਨ ਸ਼ੁੱਧਤਾ ਮੁਹਿੰਮ ਸੰਗਤਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦਾ ਇੱਕ ਨਿੱਘਾ ਉਪਰਾਲਾ ਹੈ। ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ ਹੋਰ ਖੂਬਸੂਰਤ ਬਣਾਉਣ ਵਿਚ ਸਹਾਈ ਸਿੱਧ ਹੋਵੇਗਾ।
ਇਸ ਮੌਕੇ ‘ਤੇ ਸ. ਸੁਖਰਾਜ ਸਿੰਘ ਐਡੀ: ਮੈਨੇਜਰ, ਸ. ਕਸ਼ਮੀਰ ਸਿੰਘ ਸੁਪਰਵਾਈਜ਼ਰ, ਸ. ਸ਼ਮਸ਼ੇਰ ਸਿੰਘ ਜੇ.ਈ., ਸ. ਪਰਮਜੀਤ ਸਿੰਘ, ਸ. ਮਲਕੀਅਤ ਸਿੰਘ ਤੇ ਸ. ਤਰਵਿੰਦਰ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।