ਸਕੂਲੀ ਵਿਦਿਆਰਥੀ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਸਿੱਖਿਆ ਗ੍ਰਹਿਣ ਕਰਨ ਪ੍ਰਤੀ ਵੀ ਉਤਸ਼ਾਹਿਤ ਹੋਣ –ਹਰਭਜਨ ਸਿੰਘ ਮਨਾਵਾਂ

ਅੰਮ੍ਰਿਤਸਰ, 5 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ, ਗੋਲਡਨ ਟੈਂਪਲ ਕਾਲੋਨੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਿਖੇ ਸਕੂਲ ਦੇ ਪ੍ਰਬੰਧਕੀ ਸਟਾਫ ਤੇ ਵਿਦਿਆਰਥੀਆਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਅਰਦਾਸ ਦਿਵਸ ਸਮਾਗਮ ਮਨਾਇਆ ਗਿਆ। ਇਸ ਮੌਕੇ ਸਕੂਲ ਕੰਪਲੈਕਸ ਅੰਦਰ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸਕੂਲ ਦੇ ਕੀਰਤਨੀ ਜਥੇ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਅਤੇ ਕਵੀਸ਼ਰੀ ਗਾਇਨ ਕਰਕੇ ਅਰਦਾਸ ਸਮਾਗਮ ਵਿਚ ਸ਼ਾਮਲ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਨਿਹਾਲ ਕੀਤਾ।

ਅਰਦਾਸ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਰੂਪ ਵਜੋਂ ਆਪਣੀ ਹਾਜ਼ਰੀ ਭਰਨ ਦੇ ਲਈ ਪੁੱਜੇ ਸ. ਹਰਭਜਨ ਸਿੰਘ ਜੀ ਮਨਾਵਾਂ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਵਿਦਿਆਰਥੀਆਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਨੈਤਿਕ ਤੇ ਧਾਰਮਿਕ ਸਿੱਖਿਆ ਗ੍ਰਹਿਣ ਕਰਨ ਪ੍ਰਤੀ ਵੀ ਵੱਧ ਤੋਂ ਵੱਧ ਉਤਸ਼ਾਹਿਤ ਹੋਣਾ ਚਾਹੀਦਾ ਹੈ ਤਾਂ ਹੀ ਉਹ ਸਮੇਂ ਦੇ ਹਾਣੀ ਬਣ ਕੇ ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਸਕੂਲੀ ਵਿਦਿਆਰਥੀਆਂ ਨੂੰ ਗੁਰਸਿੱਖੀ ਸਿਧਾਂਤਾਂ ਬਾਣੀ ਤੇ ਬਾਣੇ ਦੇ ਨਾਲ ਜੋੜਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਤਾਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲਗਾਈ ਗਈ ਸਿੱਖ ਦੀ ਫੁੱਲਵਾੜੀ ਹੋਰ ਮਹਿਕ ਸਕੇ। ਸ. ਮਨਾਵਾਂ ਨੇ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਹੋਇਆਂ ਕਿਹਾ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਪਿਛਲੇ ਅਰਸੇ ਦੌਰਾਨ ਅਕਾਦਮਿਕ, ਸੱਭਿਆਚਾਰਕ ਸਰਗਰਮੀਆਂ ਤੇ ਖੇਡਾਂ ਦੇ ਖੇਤਰ ਵਿਚ ਜੋ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਉਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਇਸ ਦੌਰਾਨ ਸ. ਹਰਭਜਨ ਸਿੰਘ ਮਨਾਵਾਂ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਾਮੱਤੀ ਪ੍ਰਾਪਤੀਆਂ ਦਰਜ ਕਰਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ।

ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸੀਪਲ ਬੀਬੀ ਚਰਨਜੀਤ ਕੌਰ ਨੇ ਮੁੱਖ ਮਹਿਮਾਨ ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਸਮੇਤ ਸਮਾਗਮ ਵਿਚ ਸ਼ਾਮਲ ਹੋਈਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।