ਅੰਮ੍ਰਿਤਸਰ, 20 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਸਿੱਖ ਬੁੱਧੀਜੀਵੀਆਂ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮ ਕਮਾਉਣ ਵਾਲੇ ਸਿੱਖਾਂ ਨੂੰ ਹਰ ਸਾਲ ਸਨਮਾਨਿਤ ਕਰਨ ਦੇ ਕੀਤੇ ਗਏ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਇਕ ਸਬ-ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਕਮੇਟੀ ਵਿਚ ਡਾ. ਗੁਰਨੇਕ ਸਿੰਘ ਸਾਬਕਾ ਵਾਈਸ ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ, ਡਾ. ਬਲਵੰਤ ਸਿੰਘ ਢਿੱਲੋਂ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਸੁਰਜੀਤ ਕੌਰ ਚਾਹਲ ਸਾਬਕਾ ਪ੍ਰੋਫੈਸਰ ਊਨਾ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼, ਡਾ. ਗੁਰਨਾਮ ਸਿੰਘ ਡੀਨ ਅਕਾਦਮਿਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਰਜਿੰਦਰ ਸਿੰਘ ਭੱਟੀ ਚੇਅਰਮੈਨ ਗੁਰੂ ਗੋਬਿੰਦ ਸਿੰਘ ਚੇਅਰ ਕੁਰੂਕਸ਼ੇਤਰ ਯੂਨੀਵਰਸਿਟੀ (ਹਰਿਆਣਾ) ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸਬ-ਕਮੇਟੀ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸਿੱਖ ਸ਼ਖਸੀਅਤਾਂ ਦੀ ਚੋਣ ਕਰੇਗੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੀਆਂ ਸਿੱਖ ਸ਼ਖਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕਰਨ ਨਾਲ ਸਿੱਖਾਂ ਅੰਦਰ ਵੱਖ-ਵੱਖ ਖੇਤਰਾਂ ਵਿਚ ਬੁਲੰਦੀਆਂ ਹਾਸਲ ਕਰਨ ਲਈ ਉਤਸ਼ਾਹ ਤੇ ਪ੍ਰੇਰਨਾ ਦਾ ਭਾਵ ਪੈਦਾ ਹੋਵੇਗਾ।