ਸਿੱਖਾਂ ਨੂੰ ਵੱਖਰੀ ਕੌਮ ਦੇ ਤੌਰ ‘ਤੇ ਮਾਨਤਾ ਦਿੱਤੀ ਜਾਵੇ : ਜਥੇਦਾਰ ਅਵਤਾਰ ਸਿੰਘ

14-10-2016-3
ਅੰਮ੍ਰਿਤਸਰ ੧੪ ਅਕਤੂਬਰ (        ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਸੇਵਾ ਦੀ ਮੂਰਤ ਬੀਬੀ ਸੁਰਜੀਤ ਕੌਰ ਮੁੰਬਈ ਨਿਵਾਸੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡੇ ਸਮੇਤ ਸੋਨੇ ਦੇ ਹਾਰ (ਸਿਹਰਾ ਪੱਟੀ) ਦੀ ਸੇਵਾ ਕਰਵਾਈ ਗਈ।ਇਸ ਮੌਕੇ ਭਾਈ ਸਤਨਾਮ ਸਿੰਘ ਅਰਦਾਸੀਆਂ ਨੇ ਅਰਦਾਸ ਕੀਤੀ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਬੀਬੀ ਸੁਰਜੀਤ ਕੌਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ।
ਇਸ ਉਪਰੰਤ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਬੀਬੀ ਸੁਰਜੀਤ ਕੌਰ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਬੀਬੀ ਸੁਰਜੀਤ ਕੌਰ ਤੋਂ ਇਹ ਸੇਵਾ ਲਈ ਹੈ।ਉਨ੍ਹਾਂ ਕਿਹਾ ਕਿ ਬੀਬੀ ਜੀ ਵੱਲੋਂ ੯੮੫ ਗ੍ਰਾਮ ੨੪ ਕੈਰੇਟ ਸੋਨੇ ਵਿੱਚ ਤਕਰੀਬਨ ੩੨ ਲੱਖ ਰੁਪਏ ਦੀ ਲਾਗਤ ਨਾਲ ਖੰਡੇ ਸਮੇਤ ਸੋਨੇ ਦਾ ਹਾਰ ਤਿਆਰ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਬੀਬੀ ਜੀ ਨੇ ਇਸ ਤੋਂ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦੇ ਛੱਬੇ ਤੇ ਝਾਲਰਾਂ ਦੀ ਸੇਵਾ ਕਰਵਾਈ ਹੈ ਜੋ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਚੰਦੋਏ ਦੇ ਨਾਲ ਲਗਦੇ ਹਨ।ਉਨ੍ਹਾਂ ਕਿਹਾ ਕਿ ਬੀਬੀ ਜੀ ਵੱਲੋਂ ਹੀਰੇ ਜੜੇ ਤੇ ਸੋਨੇ ਦੇ ਦੋ ਚੌਰ ਸਾਹਿਬ, ਹੁਕਮਨਾਮੇ ਵਾਲਾ ਚਾਂਦੀ ਦਾ ਬੋਰਡ, ਸੋਨੇ ‘ਚ ਜੜ੍ਹਿਆ ਸ਼ਬਦ ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ’ ਤੇ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ੫੧੦ ਗ੍ਰਾਮ ਪਿਉਰ ੨੪ ਕੈਰੇਟ ਸੋਨੇ ‘ਚ ਤਕਰੀਬਨ ੧੫ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਗੁਰਬਾਣੀ ਦੇ ਸ਼ਬਦ ਦੀ ਪੰਕਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਪਰ ਲਗਵਾਈ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰਨ ਬੀਬੀ ਸੁਰਜੀਤ ਕੌਰ ਨੂੰ ਤੰਦਰੁਸਤੀ ਬਖਸ਼ਣ ਤੇ ਉਨ੍ਹਾਂ ਤੋਂ ਅੱਗੋਂ ਵੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ।ਉਨ੍ਹਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਦਾ ਸਪੁੱਤਰ ਜੋ ਅਕਾਲ ਪੁਰਖ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਿਆ ਹੈ ਸਤਿਗੁਰੂ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਜਨਮ ਮਰਨ ਦੇ ਗੇੜ ਤੋਂ ਬਚਾਉਣ।ਉਨ੍ਹਾਂ ਕਿਹਾ ਕਿ ਅਕਾਲ ਪੁਰਖ ਬੀਬੀ ਜੀ ਨੂੰ ਸਦਾ ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਇਹ ਸਦਮਾ ਬਰਦਾਸ਼ਤ ਕਰਨ ਦਾ ਬਲ ਬਖਸ਼ਣ।
ਬੀਬੀ ਸੁਰਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨਿਮਾਣੀ ਕੋਲੋਂ ਇਹ ਸੇਵਾ ਲਈ ਹੈ।ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਦੇ ਚਰਨਾਂ ‘ਚ ਅਰਦਾਸ ਬੇਨਤੀ ਹੈ ਕਿ ਜਦੋਂ ਤੀਕ ਮੇਰੇ ਸੁਆਸ ਹਨ ਮੇਰੇ ‘ਤੇ ਕਿਰਪਾ ਕਰਨ ਤੇ ਇਸੇ ਤਰ੍ਹਾਂ ਸੇਵਾ ਲੈਣ ਦਾ ਬਲ ਬਖ਼ਸ਼ਦੇ ਰਹਿਣ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਆਰ ਐਸ ਐਸ ਵੱਲੋਂ ਜਲੰਧਰ ਸ਼ਹਿਰ ਦੇ ਮਾਡਲ ਹਾਊਸ ਦੁਸਹਿਰਾ ਗਰਾਊਂਡ ਵਿਖੇ ਗਾਤਰੇ ਅਤੇ ਕਿਰਪਾਨ ਦੀ ਤਰਜ਼ ‘ਤੇ ਛੁਰੀਆਂ ਪਾ ਕੇ ਜੋ ਜਲੂਸ ਕੱਢਿਆ ਗਿਆ ਹੈ ਉਹ ਸਾਡੇ ਲਈ ਬਹੁਤ ਦੁਖਦਾਈ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਦਖਲਅੰਦਾਜੀ ਕਰਕੇ ਆਰ ਐਸ ਐਸ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸਕੂਲ ਵਿੱਚ ਸਿੱਖ ਬੱਚਿਆਂ ਨੂੰ ਧਾਰਮਿਕ ਚਿੰਨ੍ਹ ਪਾਉਣ ਦੀ ਆਗਿਆ ਦੇਣੀ ਬਹੁਤ ਖੁਸ਼ੀ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੀ ਸਹੀ ਪਹਿਚਾਣ ਸਾਹਮਣੇ ਆ ਸਕੇਗੀ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਇਕ ਬਰੋਸ਼ਰ ਤਿਆਰ ਕੀਤਾ ਗਿਆ ਹੈ ਜੋ ਬਹੁਤ ਜਲਦ ਵਿਦੇਸ਼ਾਂ ਦੀਆਂ ਅੰਬੈਂਸੀਆਂ ਵਿੱਚ ਪਹੁੰਚਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਨਾਲ ਕਲਗੀਧਰ ਦੀ ਨਿਆਰੀ ਸਿੱਖ ਕੌਮ ਬਾਰੇ ਭਰਪੂਰ ਜਾਣਕਾਰੀ ਮਿਲੇਗੀ।ਪੱਤਰਕਾਰਾਂ ਵੱਲੋਂ ਧਾਰਾ ੨੫-ਬੀ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਸਿੱਖ ਦੀ ਵੱਖਰੀ ਪਹਿਚਾਣ ਤੇ ਵੱਖਰਾ ਧਰਮ ਹੈ ਇਸ ਲਈ ਸਾਨੂੰ ਵੱਖਰੀ ਕੌੰਮ ਦੇ ਤੌਰ ‘ਤੇ ਮਾਨਤਾ ਦੇਣੀ ਚਾਹੀਦੀ ਹੈ।
ਇਸ ਮੌਕੇ ਡਾ. ਰੂਪ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਡਾ. ਪਰਮਜੀਤ ਸਿੰਘ ਸਰੋਆ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪ੍ਰਤਾਪ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਤੇ ਸ. ਰਘਬੀਰ ਸਿੰਘ ਮੰਡ ਮੈਨੇਜਰ, ਸ. ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸ. ਸਕੱਤਰ ਸਿੰਘ, ਸ. ਜਗਜੀਤ ਸਿੰਘ, ਸ. ਕੁਲਵਿੰਦਰ ਸਿੰਘ ‘ਰਮਦਾਸ’ ਤੇ ਸ. ਹਰਜੀਤ ਸਿੰਘ ਲਾਲੂਘੁੰਮਣ ਮੀਤ ਸਕੱਤਰ, ਸ. ਸੁਖਰਾਜ ਸਿੰਘ ਵਧੀਕ ਮੈਨੇਜਰ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ ਤੇ ਸ. ਗੁਰਿੰਦਰ ਸਿੰਘ ਪੀ ਏ ਆਦਿ ਹਾਜ਼ਰ ਸਨ।