ਗਿਆਨੀ ਤਰਲੋਚਨ ਸਿੰਘ ਸੱਚੇ ਪੰਥਕ ਸੇਵਾਦਾਰ ਸਨ- ਪ੍ਰੋ: ਕਿਰਪਾਲ ਸਿੰਘ ਬਡੂੰਗਰ 

4-copy

3-copy

ਅੰਮ੍ਰਿਤਸਰ 12 ਦਸੰਬਰ (           ) ਪੰਥ ਦੀ ਸਰਵਉੱਚ ਸਖ਼ਸ਼ੀਅਤ, ਨਾਮ ਬਾਣੀ ਦੇ ਰਸੀਏ, ਪੰਥਕ ਸੋਚ ਦੇ ਧਾਰਨੀ ਤੇ ਸਿੱਖੀ ਪ੍ਰਚਾਰ ਦੇ ਸੋਮੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਵਰਗੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀ ਗਈ। ਉਨ੍ਹਾਂ ਦੀ ਤਸਵੀਰ ਤੋਂ ਪਰਦਾਕਸੀ ਦੀ ਰਸਮ ਸਿੰਘ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਅਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾ ਕੀਤੀ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਭਾਈ ਰਾਏ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਸਲਵਿੰਦਰ ਸਿੰਘ ਨੇ ਕੀਤੀ।
ਇਸ ਉਪਰੰਤ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਪੰਥਕ ਕਾਰਜਾਂ ਵਿਚ ਲਗਾ ਕੇ ਸਿੱਖ ਕੌਮ ਨੂੰ ਨਵੀਂ ਸੇਧ ਪ੍ਰਦਾਨ ਕਰਨ ਵਾਲੀ ਉੱਘੀ ਪੰਥਕ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਸਾਬਕਾ ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਰਪੁਰ ਸਾਹਿਬ) ਇੱਕ ਸੱਚੇ ਪੰਥਕ ਸੇਵਾਦਾਰ ਸਨ, ਜਿਨ੍ਹਾਂ ਨੇ ਗਿਆਰਾਂ ਸਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ-ਸੰਭਾਲ ਬਤੌਰ ਸਿੰਘ ਸਾਹਿਬ ਦੇ ਰੂਪ ਵਜੋਂ ਪੂਰੀ ਨਿਸ਼ਠਾ ਦੇ ਦਿਆਨਤਦਾਰੀ ਨਾਲ ਨਿਭਾਅ ਕੇ ਸੇਵਾ ਦੀ ਇੱਕ ਅਲੌਕਿਕ ਮਿਸਾਲ ਕਾਇਮ ਕੀਤੀ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਮਾਗਮ ਵਿਚ ਹਾਜ਼ਰ ਸੰਗਤਾਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੁੰ ਪ੍ਰਚੰਡ ਕਰਨ ਵਾਲੇ, ਪੰਥਕ ਏਕਤਾ ਦੇ ਧਾਰਨੀ ਅਤੇ ਸੰਗਤਾਂ ਅੰਦਰ ਸੇਵਾ ਦੇ ਸੰਕਲਪ ਨੂੰ ਉਭਾਰਨ ਵਾਲੇ ਗਿਆਨੀ ਤਰਲੋਚਨ ਸਿੰਘ ਜੀ ਬੇਸ਼ੱਕ ਸਰੀਰਕ ਤੌਰ ‘ਤੇ ਸਾਨੂੰ ਤਿੰਨ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਵੱਲੋਂ ਕੀਤੇ ਗਏ ਪੰਥਕ ਕਾਰਜਾਂ ਦੀਆਂ ਵਡਮੁੱਲੀਆਂ ਯਾਦਾਂ ਹਮੇਸ਼ਾਂ ਸਾਡੇ ਅੰਗ ਸੰਗ ਵੱਸਦੀਆਂ ਰਹਿਣਗੀਆਂ। ਇਸੇ ਉਦੇਸ਼ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਯੋਗ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਗਿਆਨੀ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕਰਨਾ ਸਮੁੱਚੇ ਪੰਥ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ, ਪੰਥ ਦੀ ਚੜ੍ਹਦੀ ਕਲਾ ਕਰਨ ਵਾਲੀਆਂ ਤੇ ਸਿੱਖੀ ਦੇ ਝੰਡੇ ਨੂੰ ਸੰਸਾਰ ਪੱਧਰ ‘ਤੇ ਬੁਲੰਦ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕਰਨਾ ਆਪਣੀ ਵਿਰਾਸਤ ਦੀ ਸੰਭਾਲ ਕਰਨ ਵਾਲਾ ਵੱਡਮੁੱਲਾ ਕਾਰਜ ਹੈ। ਜਿਸ ਸਦਕਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਮਹਾਨ ਪੰਥਕ ਸ਼ਖਸੀਅਤਾਂ ਦੇ ਕਾਰਜਾਂ ਅਤੇ ਸਿੱਖੀ ਦੇ ਸ਼ਾਨਾਂਮੱਤੇ ਇਤਿਹਾਸ ਤੋਂ ਜਾਣੂੰ ਹੋ ਕੇ ਆਪਣੀ ਵਿਰਾਸਤ ਨਾਲ ਜੁੜ ਸਕਣਗੀਆਂ। ਇਸ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਸਵਰਗੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦੀ ਧਰਮ ਪਤਨੀ ਬੀਬੀ ਅਵਤਾਰ ਕੌਰ, ਸਪੁੱਤਰ ਸ੍ਰ: ਹਰਦੇਵ ਸਿੰਘ ਅਤੇ ਉਨ੍ਹਾਂ ਦੀਆਂ ਦੋਵੇਂ ਸਪੁੱਤਰੀ ਬੀਬਾ ਪਰਮਿੰਦਰ ਕੌਰ ਅਤੇ ਬੀਬੀ ਰਾਜਵਿੰਦਰ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਸ. ਸੁਰਜੀਤ ਸਿੰਘ ਭਿੱਟੇਵੱਢ ਮੈਂਬਰ ਅੰਤ੍ਰਿੰਗ ਕਮੇਟੀ, ਸ. ਗੁਰਨਾਮ ਸਿੰਘ ਜੱਸਲ ਮੈਂਬਰ, ਸ. ਅਜੈਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਸ. ਰਤਨ ਸਿੰਘ ਜਫਰਵਾਲ, ਬਾਬਾ ਤੀਰਥ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ, ਸ. ਸਤਪਾਲ ਸਿੰਘ ਅੰਬੈਸਡਰ ਆਫ ਸਿੱਖ ਧਰਮ, ਬਾਬਾ ਹਰਦਿਆਲ ਸਿੰਘ ਜੱਥਾ ਹਰੀਆਂ ਵੇਲਾਂ ਤਰਨਾ ਦਲ, ਬਾਬਾ ਸਵਰਨ ਸਿੰਘ ਸਰਾ ਪੱਤਣ, ਸ. ਹਰਦਲਬੀਰ ਸਿੰਘ ਸ਼ਾਹ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਨਿੱਜੀ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਰਣਜੀਤ ਸਿੰਘ ਤੇ ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ. ਸਿਮਰਜੀਤ ਸਿੰਘ ਤੇ ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ, ਸ. ਮੁਖਤਾਰ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ. ਲਖਵਿੰਦਰ ਸਿੰਘ, ਸ. ਹਰਜਿੰਦਰ ਸਿੰਘ ਤੇ ਸ. ਇਕਬਾਲ ਸਿੰਘ ਐਡੀ: ਮੈਨੇਜਰ, ਗਿਆਨੀ ਸੁਖਵਿੰਦਰ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਗੁਰਦਿਆਲ ਸਿੰਘ, ਬਾਬਾ ਸਵਰਨ ਸਿੰਘ, ਭਾਈ ਜਗਦੇਵ ਸਿੰਘ ਪ੍ਰਭਾਤ ਜੀਰਕਪੁਰ, ਸ. ਕੁਲਦੀਪ ਸਿੰਘ ਕਪੂਰਥਲਾ, ਸ. ਜਗਤਾਰ ਸਿੰਘ ਕੁਰਾਲਾ, ਭਾਈ ਰਾਮਜੀ ਦਾਸ (ਬਾਲੂ ਰਾਮਜੀ) ਤੇ ਭਾਈ ਦਿਲਦਾਰ ਸਿੰਘ ਆਦਿ ਹਾਜ਼ਰ ਸਨ।